Punjab Armed Police

ਚੰਡੀਗੜ੍ਹ ‘ਚ ਪੰਜਾਬ ਆਰਮਡ ਪੁਲਿਸ ਦੀ ਵਿਰਾਸਤੀ ਤੋਪ ਚੋਰੀ ਕਰਨ ਦੇ ਦੋਸ਼ ‘ਚ 3 ਜਣੇ ਗ੍ਰਿਫਤਾਰ

ਚੰਡੀਗੜ੍ਹ, 09 ਸਤੰਬਰ 2023: ਚੰਡੀਗੜ੍ਹ ਦੇ ਸਭ ਤੋਂ ਪੌਸ਼ ਮੰਨੇ ਜਾਂਦੇ ਸੈਕਟਰ-1 ਤੋਂ ਚੋਰੀ ਹੋਈ ਪੰਜਾਬ ਆਰਮਡ ਪੁਲਿਸ (Punjab Armed Police) ਦੀ ਵਿਰਾਸਤੀ ਤੋਪ 4 ਮਹੀਨਿਆਂ ਬਾਅਦ ਬਰਾਮਦ ਕਰ ਲਈ ਹੈ । ਪੀਏਪੀ ਦੀ 82 ਬਟਾਲੀਅਨ ਦੇ ਜੀਓ ਮੈਸ ਦੇ ਗੇਟ ‘ਤੇ ਰੱਖੀ ਇਸ ਤੋਪ ਨੂੰ ਚੋਰੀ ਕਰਨ ਵਾਲੇ 3 ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਟਾਲੀਅਨ ਦਾ ਰਸੋਈਆ ਵੀ ਇਨ੍ਹਾਂ ਵਿੱਚ ਸ਼ਾਮਲ ਹੈ। ਰਸੋਈਏ ਨੇ ਇਸ ਤੋਪ ਨੂੰ ਚੋਰੀ ਕਰਨ ਦੀ ਪੂਰੀ ਯੋਜਨਾ ਬਣਾਈ ਸੀ।

ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ 3 ਫੁੱਟ ਲੰਬੀ ਅਤੇ 250 ਕਿਲੋ ਵਜ਼ਨ ਵਾਲੀ ਇਸ ਤੋਪ ਨੂੰ ਲਿਜਾਣ ਲਈ ਸਕੂਟਰ ’ਤੇ ਆਏ ਸਨ। ਹਾਲਾਂਕਿ ਇਸ ਦੇ ਭਾਰੀ ਵਜ਼ਨ ਕਾਰਨ ਉਹ ਤੋਪ ਨੂੰ ਸਕੂਟਰ ‘ਤੇ ਜ਼ਿਆਦਾ ਦੂਰ ਨਹੀਂ ਲੈ ਜਾ ਸਕਿਆ। ਇਸ ਤੋਂ ਬਾਅਦ ਤੋਪ ਨੂੰ ਵੱਖ-ਵੱਖ ਟੁਕੜਿਆਂ ‘ਚ ਕੱਟ ਕੇ ਲਿਜਾਇਆ ਗਿਆ।

ਵਿਰਾਸਤੀ ਸ਼੍ਰੇਣੀ ਦੀ ਇਹ ਬਰਤਾਨਵੀ ਯੁੱਗ ਦੀ ਤੋਪ ਚੰਡੀਗੜ੍ਹ ਦੇ ਸੈਕਟਰ-1 ਸਥਿਤ ਪੰਜਾਬ ਆਰਮਡ ਪੁਲਿਸ (ਪੀ.ਏ.ਪੀ.) ਦੀ 82 ਬਟਾਲੀਅਨ ਦੇ ਜੀਓ ਮੈਸ ਦੇ ਗੇਟ ‘ਤੇ ਕਰੀਬ 10 ਸਾਲਾਂ ਤੋਂ ਰੱਖੀ ਗਈ ਸੀ। ਇਸ ਸਾਲ 5 ਅਤੇ 6 ਮਈ ਦੀ ਰਾਤ ਨੂੰ ਇਹ ਤੋਪ ਅਚਾਨਕ ਗਾਇਬ ਹੋ ਗਈ ਸੀ। ਹਾਲਾਂਕਿ, ਇਹ ਗੱਲ ਪੀਏਪੀ ਅਧਿਕਾਰੀਆਂ ਦੇ ਧਿਆਨ ਵਿੱਚ ਤੋਪ ਦੇ ਲਾਪਤਾ ਹੋਣ ਤੋਂ 15 ਦਿਨਾਂ ਬਾਅਦ ਆਈ। ਇਸ ਤੋਂ ਬਾਅਦ ਪੀਏਪੀ ਦੀ 82 ਬਟਾਲੀਅਨ ਦੇ ਕਮਾਂਡੈਂਟ ਅਤੇ ਪੀਪੀਐਸ ਅਧਿਕਾਰੀ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਚੰਡੀਗੜ੍ਹ ਸੈਕਟਰ-3 ਥਾਣੇ ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 379 ਤਹਿਤ ਕੇਸ ਦਰਜ ਕੀਤਾ ਸੀ।

ਇਹ ਵਿਰਾਸਤੀ ਤੋਪ ਪੰਜਾਬ ਆਰਮਡ ਪੁਲਿਸ (Punjab Armed Police) ਦੀ ਬਹੁਤ ਹੀ ਮਹੱਤਵਪੂਰਨ ਵਿਰਾਸਤ ਸੀ। ਇਸ ਨੂੰ ਕਰੀਬ ਡੇਢ ਸਾਲ ਪਹਿਲਾਂ 82 ਬਟਾਲੀਅਨ ਦੇ ਸਟੋਰ ਰੂਮ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਇੱਕ ਵਾਰ ਫਿਰ ਇਸਨੂੰ ਲੋਕਾਂ ਦੇ ਸਾਹਮਣੇ ਪ੍ਰਦਰਸ਼ਿਤ ਕਰਨ ਲਈ ਰੱਖਿਆ ਗਿਆ ਸੀ । ਇਸ ਤੋਪ ਨੂੰ ਦੇਖਣ ਲਈ ਦੂਰ-ਦੁਰਾਡੇ ਤੋਂ ਲੋਕ ਆਉਂਦੇ ਸਨ। ਇਹ ਬਹੁਤ ਮਹੱਤਵਪੂਰਨ ਤੋਪ ਸੀ।

ਚੰਡੀਗੜ੍ਹ ਪੁਲਿਸ ਨੇ ਚੋਰੀ ਤੋਂ ਬਾਅਦ ਕਿਹਾ ਸੀ ਕਿ ਕੋਈ ਵੀ ਵਿਅਕਤੀ ਇਸ ਨੂੰ ਚੋਰੀ ਕਰ ਕੇ ਲੈ ਨਹੀਂ ਸਕਦਾ। ਸ਼ੱਕ ਜਤਾਇਆ ਜਾ ਰਿਹਾ ਸੀ ਕਿ ਸ਼ਾਇਦ 4 ਤੋਂ 5 ਜਣੇ ਸ਼ਾਮਲ ਸਨ। ਜਿਸ ਥਾਂ ਇਸ ਤੋਪ ਨੂੰ ਰੱਖਿਆ ਗਿਆ ਸੀ, ਉੱਥੇ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ। ਅਜਿਹੇ ‘ਚ ਪੁਲਿਸ ਲਈ ਦੋਸ਼ੀਆਂ ਨੂੰ ਲੱਭਣਾ ਮੁਸ਼ਕਿਲ ਹੋ ਜਾਂਦਾ ਹੈ।

ਵਿਦੇਸ਼

Scroll to Top