ਚੰਡੀਗੜ੍ਹ, 23 ਫਰਵਰੀ 2023: ਅਰੁਣਾਚਲ ਪ੍ਰਦੇਸ਼ (Arunachal Pradesh) ‘ਚ ਪੁਲਿਸ ਨੇ ਵੀਰਵਾਰ ਨੂੰ ਨਗਾ ਵਿਦਰੋਹੀ ਦੇ ਇਕ ਵੱਡੇ ਕੈਂਪ ‘ਤੇ ਛਾਪਾ ਮਾਰਿਆ ਹੈ । ਇਹ ਕੈਂਪ ਭਾਰਤ-ਮਿਆਂਮਾਰ ਸਰਹੱਦ ਦੇ ਨਾਲ ਚਾਂਗਲਾਂਗ ਜ਼ਿਲ੍ਹੇ ਵਿੱਚ ਪੂਰਬੀ ਨਗਾ ਨੈਸ਼ਨਲ ਗਵਰਨਮੈਂਟ (ENNG) ਨਾਮਕ ਇੱਕ ਵੱਖਵਾਦੀ ਸਮੂਹ ਨਾਲ ਸੰਬੰਧਿਤ ਸੀ। ਪੁਲਿਸ ਨੇ ਇੱਥੋਂ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ।
ਪੁਲਿਸ ਨੇ ਇਕੱਲੇ ਹੀ ਇਸ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਫੋਟੋਆਂ ਅਤੇ ਵੀਡੀਓ ਲੈਣ ਤੋਂ ਬਾਅਦ ਕੈਂਪ ਨੂੰ ਅੱਗ ਲਗਾ ਕੇ ਤਬਾਹ ਕਰ ਦਿੱਤਾ ਗਿਆ।ਅਰੁਣਾਚਲ ਪੁਲਿਸ ਨੂੰ ਇਸ ਡੇਰੇ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਅਤੇ ਚਾਂਗਲਾਂਗ ਪੁਲਿਸ ਨੇ ਵੀਰਵਾਰ ਸਵੇਰੇ ਇਸ ਕੈਂਪ ‘ਤੇ ਛਾਪਾ ਮਾਰਿਆ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਵਿਦਰੋਹੀ ਗਰੁੱਪ ਦੀਆਂ ਖ਼ਤਰਨਾਕ ਗਤੀਵਿਧੀਆਂ ਪਿਛਲੇ ਕਈ ਮਹੀਨਿਆਂ ਤੋਂ ਪੁਲਿਸ ਦੇ ਰਡਾਰ ’ਤੇ ਸਨ।
ਪੁਲਿਸ ਦੇ ਮੁਤਾਬਕ ਇਸ ਗਰੁੱਪ ਤੋਂ ਵੱਡਾ ਖਤਰਾ ਸੀ, ਇਸ ਨੂੰ ਖਤਮ ਕਰਨ ਲਈ ਕਾਰਵਾਈ ਕਰਨੀ ਜ਼ਰੂਰੀ ਸੀ। ਪੁਲਿਸ ਨੇ ਇਸ ਸਬੰਧੀ ਰਣਨੀਤੀ ਬਣਾ ਕੇ ਕਾਰਵਾਈ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ। ਬੁੱਧਵਾਰ ਨੂੰ ਇਸ ਕੈਂਪ ਦੀ ਜਾਸੂਸੀ ਕਰਦੇ ਹੋਏ ਪੁਲਿਸ ਨੂੰ ਇੱਥੇ ਪੰਜ ਵਿਅਕਤੀ ਨਜ਼ਰ ਆਏ ਸਨ। ਵੀਰਵਾਰ ਦੀ ਕਾਰਵਾਈ ‘ਚ ਕੈਂਪ ‘ਤੇ ਕੰਟਰੋਲਡ ਹਮਲਾ ਕੀਤਾ ਗਿਆ, ਜਿਸ ਕਾਰਨ ਸਾਰੇ ਵਿਅਕਤੀਆਂ ਨੂੰ ਕੈਂਪ ‘ਚੋਂ ਭੱਜਣਾ ਪਿਆ। ਆਪ੍ਰੇਸ਼ਨ ਖਤਮ ਹੋਣ ਤੋਂ ਬਾਅਦ ਕੈਂਪ ਦੀ ਤਲਾਸ਼ੀ ਲਈ ਗਈ, ਜਿਸ ਤੋਂ ਬਾਅਦ ਉਥੋਂ ਵੱਡੀ ਮਾਤਰਾ ‘ਚ ਗੋਲਾ ਬਾਰੂਦ ਬਰਾਮਦ ਹੋਇਆ ਹੈ ।