ਚੰਡੀਗੜ੍ਹ, 22 ਅਪ੍ਰੈਲ 2023: ਪੰਜਾਬ ਦੇ ਅੰਮ੍ਰਿਤਸਰ ‘ਚ ਕਸਬਾ ਮਹਿਤਾ ਵੱਲ ਜਾ ਰਹੀ ਪ੍ਰਾਈਵੇਟ ਬੱਸ ਨੂੰ ਚਾਰ ਨੌਜਵਾਨਾਂ ਨੇ ਬੰਦੂਕ ਦੀ ਨੋਕ ‘ਤੇ ਰੋਕ ਲਈ । ਇਸ ਦੌਰਾਨ ਸਵਾਰੀਆਂ ਨੇ ਸਮਝਿਆ ਕਿ ਇਹ ਨੌਜਵਾਨ ਬੱਸ ਲੁੱਟਣ ਆਏ ਹਨ, ਜਿਸ ਤੋਂ ਬਾਅਦ ਸਾਰੀਆਂ ਸਵਾਰੀਆਂ ਹਮਲਾਵਰਾਂ ‘ਤੇ ਹਾਵੀ ਹੋ ਗਈਆਂ ।
ਘਟਨਾ ਅੰਮ੍ਰਿਤਸਰ ਦੇ ਮਹਿਤਾ ਰੋਡ ਦੀ ਦੱਸੀ ਜਾ ਰਹੀ ਹੈ। ਸਵੇਰੇ ਕਰੀਬ 8 ਵਜੇ ਔਲਖ ਬੱਸ ਸਰਵਿਸ ਦੀ ਬੱਸ ਅੰਮ੍ਰਿਤਸਰ ਤੋਂ ਮਹਿਤਾ ਵੱਲ ਜਾ ਰਹੀ ਸੀ। ਬੱਸ ਅਜੇ ਪਿੰਡ ਬੋਪਾਰਾਏ ਨੇੜੇ ਪੁੱਜੀ ਹੀ ਸੀ ਕਿ ਚਾਰ ਨੌਜਵਾਨ ਹੱਥਾਂ ਵਿੱਚ ਹਥਿਆਰ ਲੈ ਕੇ ਬੱਸ ਦੇ ਅੱਗੇ ਆ ਗਏ। ਚਾਰਾਂ ਨੌਜਵਾਨਾਂ ਨੇ ਹਥਿਆਰ ਦਿਖਾ ਕੇ ਡਰਾਈਵਰ ਨੂੰ ਬੱਸ ਰੋਕਣ ਲਈ ਕਿਹਾ।
ਬੱਸ ਦੀਆਂ ਸਵਾਰੀਆਂ ਨੇ ਸਮਝਿਆ ਕਿ ਇਹ ਨੌਜਵਾਨ ਲੁੱਟ ਦੀ ਨੀਅਤ ਨਾਲ ਆਏ ਸਨ। ਜਿਸ ਤੋਂ ਬਾਅਦ ਸਾਰਿਆਂ ਨੇ ਏਕਤਾ ਦਿਖਾਉਂਦੇ ਹੋਏ ਹਮਲਾਵਰਾਂ ‘ਤੇ ਹਮਲਾ ਕਰ ਦਿੱਤਾ। ਸਵਾਰੀਆਂ ਨੂੰ ਆਪਣੇ ਵੱਲ ਵਧਦਾ ਦੇਖ ਚਾਰੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਇਸ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਉਹ ਵੀ ਮੌਕੇ ‘ਤੇ ਪਹੁੰਚ ਗਏ। ਪਹਿਲਾਂ ਤਾਂ ਪੁਲਿਸ ਨੇ ਬੱਸ ਲੁੱਟਣ ਦੀ ਸਾਜ਼ਿਸ਼ ਤਹਿਤ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਸੀ ਪਰ ਜਦੋਂ ਜਾਂਚ ਸ਼ੁਰੂ ਹੋਈ ਤਾਂ ਪਤਾ ਚੱਲਿਆ ਕਿ ਇਹ ਸਾਰਾ ਮਾਮਲਾ ਆਪਸੀ ਰੰਜਿਸ਼ ਦਾ ਹੈ | ਇਸ ਸੰਬੰਧੀ ਥਾਣਾ ਮੱਤੇਵਾਲ ਦੇ ਸਬ-ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਲੁੱਟ ਦੀ ਨਹੀਂ ਹੈ। ਦੋਵਾਂ ਧਿਰਾਂ ਵਿੱਚ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਪਰ ਆਖਰਕਾਰ ਦੋਵੇਂ ਧਿਰਾਂ ਵਿੱਚ ਸਮਝੌਤਾ ਹੋ ਗਿਆ।