July 1, 2024 7:14 am
Amritsar

ਅੰਮ੍ਰਿਤਸਰ ‘ਚ 6ਵੀਂ ਜਮਾਤ ਦੇ ਵਿਦਿਆਰਥੀ ਨੇ ਸਕੂਲ ‘ਚ ਨਿਗਲੀ ਜ਼ਹਿਰੀਲੀ ਚੀਜ਼, ਹਾਲਤ ਗੰਭੀਰ

ਅੰਮ੍ਰਿਤਸਰ, 07 ਅਪ੍ਰੈਲ 2023: ਅੰਮ੍ਰਿਤਸਰ (Amritsar) ਦੇ ਬਟਾਲਾ ਰੋਡ ਸਥਿਤ ਸ਼੍ਰੀ ਰਾਮ ਆਸ਼ਰਮ ਸੀਨੀਅਰ ਸਕੈਂਡਰੀ ਸਕੂਲ ‘ਚ ਬੀਤੇ ਦਿਨ 6ਵੀਂ ਕਲਾਸ ਦੇ ਵਿਦਿਆਰਥੀ ਅਨੁਰਾਗ ਕੁਮਾਰ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ | ਜਿਸਨੂੰ ਐਸਕੋਟ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਵਿਦਿਆਰਥੀ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ | ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਦੇ ਅੰਦਰ ਸ਼ੁੱਕਰਵਾਰ ਨੂੰ ਜ਼ਬਰਦਸਤ ਹੰਗਾਮਾ ਕੀਤਾ |

ਪਰਿਵਾਰਕ ਮੈਂਬਰ ਪਰਸ਼ੂਰਾਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੀ 06 ਅਪ੍ਰੈਲ ਨੂੰ ਉਨ੍ਹਾਂ ਦਾ ਬੱਚਾ ਹਰ ਰੋਜ਼ ਦੀ ਤਰ੍ਹਾਂ ਸਵੇਰੇ ਸਕੂਲ ਲਈ ਘਰੋਂ ਨਿਕਲਿਆ ਸੀ, 10: 30 ਵਜੇ ਦੇ ਕਰੀਬ ਸਕੂਲ ਵਿਚੋਂ ਉਨ੍ਹਾਂ ਨੂੰ ਫੋਨ ਆਇਆ ਕਿ ਬੱਚੇ ਦੀ ਹਾਲਤ ਬਹੁਤ ਖ਼ਰਾਬ ਹੈ, ਜਿਸ ਤੋਂ ਬਾਅਦ ਉਹ ਤੁਰੰਤ ਸਕੂਲ ਪਹੁੰਚੇ | ਬੱਚੇ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਐਸਕੋਟ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਵਲੋਂ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ | ਬੱਚੇ ਦੇ ਪਿਤਾ ਨੇ ਦੱਸਿਆ ਕਿ ਕਲਾਸ ਦੇ ਡੈਸਕ ‘ਤੇ ਪਈ ਚੀਜ਼ ਖਾਧੀ ਸੀ |

ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਬੱਚੇ ਦੀ ਹਾਲਤ ਗੰਭੀਰ ਹੋਣ ਦੇ ਨਾਲ-ਨਾਲ ਸਕੂਲ ਪ੍ਰਬੰਧਕ ਵਲੋਂ ਪਰਿਵਾਰਕ ਮੈਂਬਰਾਂ ਦੇ ਨਾਲ ਕਿਸੇ ਵੀ ਤਰਾਂ ਹਮਦਰਦੀ ਨਹੀਂ ਜਤਾਈ ਗਈ ਹੈ | ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਪੁਲਿਸ ਨੂੰ ਵੀ ਸੂਚਨਾ ਦਿੱਤੀ ਹੈ ਅਤੇ ਸਕੂਲ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ |

ਇਸ ਸਬੰਧੀ ਜਦੋਂ ਸਕੂਲ ਪ੍ਰਿੰਸੀਪਲ ਨੀਤੂ ਸ਼ਰਮਾ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਵਿਦਿਆਰਥੀ ਹਰ ਰੋਜ਼ ਦੀ ਤਰ੍ਹਾਂ ਸਵੇਰੇ ਸਕੂਲ ਆਇਆ ਸੀ ਤੇ ਕਲਾਸ ਵਿੱਚ ਦੂਜੇ ਪੀਰੀਅਡ ‘ਚ ਉਸਦੀ ਹਾਲਤ ਖ਼ਰਾਬ ਹੋ ਗਈ ਸੀ ਇਸ ਤੋਂ ਬਾਅਦ ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਸੀ | ਮੌਕੇ ‘ਤੇ ਪਹੁੰਚੇ ਏਐਸਆਈ ਨਵਤੇਜ ਸਿੰਘ ਨੇ ਦੱਸਿਆ ਕਿ ਸਾਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ |