ਚੰਡੀਗੜ੍ਹ, 6 ਜਨਵਰੀ 2024: ਅਮਰੀਕਾ ‘ਚ ਅਲਾਸਕਾ ਏਅਰਲਾਈਨਜ਼ ਦੀ ਬੋਇੰਗ 737-9 ਮੈਕਸ ਫਲਾਈਟ (Flight) ਨਾਲ ਸ਼ਨੀਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਪੋਰਟਲੈਂਡ ਤੋਂ ਓਨਟਾਰੀਓ, ਕੈਲੀਫੋਰਨੀਆ ਜਾ ਰਿਹਾ ਜਹਾਜ਼ ਜਦੋਂ ਟੇਕਆਫ ਤੋਂ ਬਾਅਦ 16.32 ਹਜ਼ਾਰ ਫੁੱਟ ਦੀ ਉਚਾਈ ‘ਤੇ ਪਹੁੰਚਿਆ ਤਾਂ ਜਹਾਜ਼ ਦਾ ਦਰਵਾਜ਼ਾ ਉੱਖੜ ਕੇ ਹਵਾ ‘ਚ ਉੱਡ ਗਿਆ। ਇਹ ਜਹਾਜ਼ ਦਾ ਐਮਰਜੈਂਸੀ ਨਿਕਾਸ ਦਰਵਾਜ਼ਾ ਸੀ।
ਦਰਵਾਜ਼ਾ ਟੁੱਟਣ ਕਾਰਨ ਨਾਲ ਵਾਲੀ ਸੀਟ ‘ਤੇ ਬੈਠੇ ਬੱਚੇ ਦੀ ਕਮੀਜ਼ ਫਟ ਗਈ। ਕੁਝ ਯਾਤਰੀਆਂ ਦੇ ਫ਼ੋਨ ਵੀ ਹਵਾ ਵਿੱਚ ਉੱਡ ਗਏ। ਹਾਲਾਂਕਿ ਬੱਚੇ ਦੀ ਮਾਂ ਨੇ ਉਸ ਨੂੰ ਜਹਾਜ਼ (Flight) ਤੋਂ ਡਿੱਗਣ ਤੋਂ ਬਚਾ ਲਿਆ। ਇਸ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਸ ਘਟਨਾ ਤੋਂ ਬਾਅਦ ਏਅਰਲਾਈਨਜ਼ ਨੇ ਸਾਰੇ ਬੋਇੰਗ 737-9 ਜਹਾਜ਼ਾਂ ਦੀ ਉਡਾਣ ‘ਤੇ ਪਾਬੰਦੀ ਲਗਾ ਦਿੱਤੀ ਹੈ।
ਅਲਾਸਕਾ ਏਅਰਲਾਈਨਜ਼ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਘਟਨਾ ਦੀ ਜਾਣਕਾਰੀ ਦਿੱਤੀ ਹੈ। ਜਾਣਕਾਰੀ ਮੁਤਾਬਕ ਜਹਾਜ਼ ‘ਚ 171 ਯਾਤਰੀ ਅਤੇ 6 ਕਰੂ ਮੈਂਬਰ ਸਵਾਰ ਸਨ। ਘਟਨਾ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ ਕਰੀਬ 5 ਵਜੇ ਵਾਪਰੀ।
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਜਹਾਜ਼ ਦੇ ਪਾਇਲਟ ਨੇ ਦਰਵਾਜ਼ਾ ਵੱਖ ਹੁੰਦੇ ਹੀ ਐਮਰਜੈਂਸੀ ਘੋਸ਼ਿਤ ਕਰ ਦਿੱਤੀ। ਪਾਇਲਟ ਨੇ ਕਿਹਾ- ਅਲਾਸਕਾ 1282 ਵਿੱਚ ਐਮਰਜੈਂਸੀ ਹੈ। ਅਸੀਂ ਪੋਰਟਲੈਂਡ ਵਾਪਸ ਆ ਰਹੇ ਹਾਂ। ਹੁਣ ਅਸੀਂ 12 ਹਜ਼ਾਰ ਫੁੱਟ ਦੀ ਉਚਾਈ ‘ਤੇ ਪਹੁੰਚ ਗਏ ਹਾਂ। ਸਾਨੂੰ ਮੋੜਨ ਦੀ ਲੋੜ ਹੈ। ਜਹਾਜ਼ ਵਿੱਚ ਐਮਰਜੈਂਸੀ ਹੈ ਅਤੇ ਇੱਥੇ 177 ਜਣੇ ਮੌਜੂਦ ਹਨ। ਅਸੀਂ ਤੁਰੰਤ ਉਤਰਨਾ ਚਾਹੁੰਦੇ ਹਾਂ।
ਜਹਾਜ਼ ਵਿੱਚ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ ਅਤੇ ਜਹਾਜ਼ ਪੋਰਟਲੈਂਡ ਪਹੁੰਚ ਗਿਆ ਹੈ। ਫਿਲਹਾਲ ਅਮਰੀਕਾ ਦਾ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਮਾਮਲੇ ਦੀ ਜਾਂਚ ਕਰ ਰਿਹਾ ਹੈ। ਜਹਾਜ਼ ‘ਚ ਸਵਾਰ 20 ਸਾਲਾ ਐਲਿਜ਼ਾਬੈਥ ਨੇ ਦੱਸਿਆ ਕਿ ਜਹਾਜ਼ ‘ਚ ਬੈਠਣ ਸਮੇਂ ਜਿੰਨੀ ਆਵਾਜ਼ ਆਮ ਤੌਰ ‘ਤੇ ਸੁਣੀ ਜਾਂਦੀ ਹੈ, ਉਸ ਤੋਂ 10 ਗੁਣਾ ਜ਼ਿਆਦਾ ਉੱਚੀ ਆਵਾਜ਼ ਆਈ। ਇੰਝ ਲੱਗਾ ਜਿਵੇਂ ਸਾਡੇ ਕੰਨ ਫੱਟ ਜਾਣਗੇ।
ਇਕ ਹੋਰ ਯਾਤਰੀ ਕੇਲੀ ਰਿੰਕਰ ਨੇ ਕਿਹਾ- ਜਹਾਜ਼ ਵਿਚ ਸੰਨਾਟਾ ਛਾ ਗਿਆ। ਡਰ ਕਾਰਨ ਕੋਈ ਕੁਝ ਨਹੀਂ ਕਹਿ ਰਿਹਾ ਸੀ। ਜਹਾਜ਼ ‘ਚ ਗੜਬੜ ਹੁੰਦੇ ਹੀ ਆਕਸੀਜਨ ਮਾਸਕ ਬਾਹਰ ਆ ਗਿਆ। ਕਈ ਯਾਤਰੀਆਂ ਨੇ ਇਸ ਦੀ ਵਰਤੋਂ ਵੀ ਕੀਤੀ।