July 1, 2024 12:36 am
Abohar

ਅਬੋਹਰ ‘ਚ ਪੁੱਤ ਨੇ ਆਪਣੀ ਹੀ ਮਾਂ ਨੂੰ ਮੌਤ ਦੇ ਘਾਟ ਉਤਾਰਿਆ, ਮੁਲਜ਼ਮ ਮਾਨਸਿਕ ਤੌਰ ‘ਤੇ ਸੀ ਪਰੇਸ਼ਾਨ

ਚੰਡੀਗੜ੍ਹ, 29 ਫਰਵਰੀ 2024: ਅਬੋਹਰ (Abohar) ‘ਚ ਪੁੱਤ ਨੇ ਆਪਣੀ ਮਾਂ ਦੀ ਕੁੱਟਮਾਰ ਕੀਤੀ, ਜਿਸਦੀ ਇਲਾਜ ਦੌਰਾਨ ਮੌਤ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਪੁੱਤ ਵੱਲੋਂ ਆਪਣੀ ਹੀ ਬਜ਼ੁਰਗ ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਨਹਿਰ ‘ਚ ਸੁੱਟਣ ਜਾ ਰਿਹਾ ਸੀ, ਲੋਕਾਂ ਵੱਲੋਂ ਦਿੱਤੀ ਗਈ ਸੂਚਨਾ ‘ਤੇ ਪੁਲਿਸ ਨੇ ਬਜ਼ੁਰਗ ਮਾਂ ਨੂੰ ਉਸ ਦੇ ਚੁੰਗਲ ‘ਚੋਂ ਛੁਡਵਾ ਕੇ ਹਸਪਤਾਲ ‘ਚ ਭਰਤੀ ਕਰਵਾਇਆ। ਜਿਸ ‘ਤੇ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ, ਪਰ 5 ਦਿਨ ਦੇ ਇਲਾਜ ਤੋਂ ਬਾਅਦ ਬਜ਼ੁਰਗ ਦੀ ਮੌਤ ਹੋ ਗਈ।

ਸਦਰ ਥਾਣਾ ਪੁਲਸ ਨੇ ਲਾਸ਼ ਨੂੰ ਮੁਰਦਾਘਰ ‘ਚ ਰਖਵਾਉਂਦੇ ਹੋਏ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਹੈ। ਜਾਣਕਾਰੀ ਅਨੁਸਾਰ ਪਿੰਡ ਰੁੜ੍ਹਿਆਂਵਾਲੀ ਦੇ ਰਹਿਣ ਵਾਲੇ ਬ੍ਰਿਜਲਾਲ ਦੀ ਘਰਵਾਲੀ 80 ਸਾਲਾ ਪਰਮੇਸ਼ਵਰੀ ਦੇਵੀ ਦਾ ਉਸ ਦੇ ਹੀ ਪੁੱਤ ਕਾਂਸ਼ੀ ਰਾਮ ਨੇ ਕਤਲ ਕਰ ਦਿੱਤਾ, ਜੋ ਕਿ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ |

ਇਸ ਸਬੰਧੀ ਥਾਣਾ ਸਦਰ (Abohar) ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਧੀ ਨੇ ਕਿਹਾ ਕਿ ਉਹ ਆਪਣੇ ਭਰਾ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ, ਜਿਸ ‘ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ, ਜੇਕਰ ਪੋਸਟਮਾਰਟਮ ਰਿਪੋਰਟ ‘ਚ ਸਾਬਤ ਹੋਇਆ ਹੈ ਕਿ ਜੇਕਰ ਕਿਸੇ ਵਿਅਕਤੀ ਦੇ ਹਮਲੇ ਕਾਰਨ ਹੋਈ ਗੰਭੀਰ ਸੱਟ ਕਾਰਨ ਜਾਨ ਚਲੀ ਗਈ ਹੈ ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।