ਚੰਡੀਗੜ੍ਹ, 06 ਸਤੰਬਰ 2024: ਅਬੋਹਰ ‘ਚ ਪ੍ਰਾਪਰਟੀ ਟੈਕਸ (Property Tax) ਦੀ ਅਦਾਇਗੀ ਨਾ ਹੋਣ ਕਾਰਨ ਅੱਜ ਨਗਰ ਨਿਗਮ ਨੇ ਹਨੂੰਮਾਨਗੜ੍ਹ ਰੋਡ ’ਤੇ ਸਥਿਤ ਵਿਪੁਲ ਮੋਟਰਜ਼ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਹੈ। ਇਹ ਕਾਰਵਾਈ ਨਗਰ ਨਿਗਮ ਦੇ ਸੁਪਰਡੈਂਟ ਰਾਜਪਾਲ ਨੇ ਆਪਣੀ ਟੀਮ ਵੱਲੋਂ ਕੀਤੀ ਹੈ |
ਮਿਲੀ ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸ਼ੋਅਰੂਮ ਸੰਚਾਲਕਾਂ ਨੇ ਸ਼ਾਮ 6 ਵਜੇ ਤੱਕ ਨਗਰ ਨਿਗਮ ਦੀ ਟੀਮ ਨੂੰ ਇਮਾਰਤ ਨੂੰ ਸੀਲ ਕਰਨ ਨਹੀਂ ਦਿੱਤਾ ਗਿਆ | ਉਨ੍ਹਾਂ ਨੇ ਵਿਵਾਦਿਤ ਇਮਾਰਤ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾ ਦਿੱਤਾ । ਜਿਸ ਕਾਰਨ ਨਗਰ ਨਿਗਮ ਨੂੰ ਦੋ ਦਿਨਾਂ ਲਈ ਆਪਣੀ ਕਾਰਵਾਈ ਰੋਕਣੀ ਪਈ। ਅੱਜ ਪਾਠ ਸਮਾਪਤ ਹੁੰਦੇ ਹੀ ਨਿਗਮ ਦੀ ਟੀਮ ਨੇ ਸ਼ੋਅਰੂਮ ਨੂੰ ਸ਼ੀਲ ਕਰ ਦਿੱਤਾ |
ਨਿਗਮ ਦੀ ਸੁਪਰਡੈਂਟ ਮੈਡਮ ਰਾਜਪਾਲ ਕੌਰ ਦਾ ਕਹਿਣਾ ਹੈ ਕਿ ਇਸ ਇਮਾਰਤ ‘ਚ ਵਿਪੁਲ ਮੋਟਰਜ਼ ਦਾ ਸ਼ੋਅਰੂਮ ਚੱਲ ਰਿਹਾ ਹੈ, ਉਸ ਦੇ ਮਾਲਕ ਨੇ ਕਈ ਸਾਲਾਂ ਤੋਂ ਪ੍ਰਾਪਰਟੀ ਟੈਕਸ (Property Tax) ਜਮ੍ਹਾਂ ਨਹੀਂ ਕਰਵਾਇਆ ਸੀ। ਨਗਰ ਨਿਗਮ ਮੁਤਾਬਕ ਹੁਣ ਤੱਕ ਲਗਭਗ 6 ਲੱਖ 91 ਹਜ਼ਾਰ 745 ਰੁਪਏ ਬਣ ਚੁੱਕੇ ਹਨ। ਨਗਰ ਨਿਗਮ ਦੀ ਟੈਕਸ ਸ਼ਾਖਾ ਵੱਲੋਂ ਬਿਲਡਿੰਗ ਮਾਲਕ ਨੂੰ ਵਾਰ-ਵਾਰ ਨੋਟਿਸ ਜਾਰੀ ਕੀਤੇ ਗਏ। ਪਰ ਉਸ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਇਸਦੇ ਚੱਲਦੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੇ ਇਸ ਇਮਾਰਤ ਨੂੰ ਸੀਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ।
ਇਥੇ ਵਿਵਾਦਿਤ ਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤੇ ਜਾਣ ‘ਤੇ ਕਈ ਸਿੱਖ ਜਥੇਬੰਦੀਆਂ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਵਿਵਾਦਤ ਥਾਂ ‘ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ। ਇਸ ਦੇ ਬਾਵਜੂਦ ਸ਼ੋਅਰੂਮ ਸੰਚਾਲਕਾਂ ਨੇ ਗ੍ਰੰਥੀ ਰਾਜਵਿੰਦਰ ਸਿੰਘ ਨੂੰ ਧੋਖੇ ‘ਚ ਰੱਖ ਕੇ ਸਿੱਖ ਮਰਿਆਦਾ ਦਾ ਅਪਮਾਨ ਕੀਤਾ ਹੈ।