ਚੰਡੀਗੜ੍ਹ, 12 ਮਾਰਚ 2024: ਭਾਰਤੀ ਤੱਟ ਰੱਖਿਅਕ, ਗੁਜਰਾਤ ਏਟੀਐਸ ਅਤੇ ਐਨਸੀਬੀ ਨੇ ਅਰਬ ਸਾਗਰ (Arabian Sea) ਵਿੱਚ ਇੱਕ ਵੱਡਾ ਆਪਰੇਸ਼ਨ ਚਲਾ ਕੇ ਨਸ਼ਿਆਂ ਦੇ ਕਾਰੋਬਾਰ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਸਾਂਝੇ ਆਪ੍ਰੇਸ਼ਨ ਵਿੱਚ ਛੇ ਪਾਕਿਸਤਾਨੀ ਨਾਗਰਿਕਾਂ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਫੜਿਆ ਗਿਆ ਹੈ। NCB ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਫੜੇ ਗਏ ਪਾਕਿਸਤਾਨੀਆਂ ਕੋਲੋਂ 480 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਸਾਰਿਆਂ ਨੂੰ ਪੋਰਬੰਦਰ ਵਿੱਚ ਰੱਖਿਆ ਗਿਆ ਹੈ।
ਸੁਪਰਡੈਂਟ ਸੁਨੀਲ ਜੋਸ਼ੀ ਨੇ ਸਾਂਝੇ ਆਪ੍ਰੇਸ਼ਨ ਬਾਰੇ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਭਾਰਤੀ ਤੱਟ ਰੱਖਿਅਕ, ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਅਤੇ ਗੁਜਰਾਤ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ ਨੇੜੇ ਅਰਬ ਸਾਗਰ Arabian Sea) ‘ਚ ਸੰਯੁਕਤ ਆਪ੍ਰੇਸ਼ਨ ਚਲਾਇਆ ਗਿਆ।
ਉਨ੍ਹਾਂ ਦੱਸਿਆ ਕਿ ਇਹ ਮੁਹਿੰਮ 11-12 ਮਾਰਚ ਦੀ ਰਾਤ ਨੂੰ ਚਲਾਈ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਪੋਰਬੰਦਰ ਤੋਂ ਲਗਭਗ 350 ਕਿਲੋਮੀਟਰ ਦੂਰ ਅਰਬ ਸਾਗਰ ਵਿੱਚ ਇੱਕ ਤਾਲਮੇਲ ਸਮੁੰਦਰੀ ਹਵਾਈ ਅਭਿਆਨ ਵਿੱਚ ਭਾਰਤੀ ਤੱਟ ਰੱਖਿਅਕ ਜਹਾਜ਼ਾਂ ਅਤੇ ਡੋਰਨਿਅਰ ਜਹਾਜ਼ਾਂ ਦੁਆਰਾ ਕਿਸ਼ਤੀ ਨੂੰ ਰੋਕਿਆ ਗਿਆ ਸੀ। ਜਿਸ ਤੋਂ ਬਾਅਦ ਕਿਸ਼ਤੀ ‘ਚੋਂ 6 ਕਰੂ ਮੈਂਬਰ ਅਤੇ 80 ਕਿੱਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ 480 ਕਰੋੜ ਰੁਪਏ ਦੱਸੀ ਜਾਂਦੀ ਹੈ।