Pakistan elections

ਪਾਕਿਸਤਾਨ ਚੋਣਾਂ ‘ਚ ਇਮਰਾਨ ਖਾਨ ਦੀ ਸਥਿਤੀ ਮਜ਼ਬੂਤ, PTI ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰ 47 ਸੀਟਾਂ ‘ਤੇ ਅੱਗੇ

ਚੰਡੀਗੜ੍ਹ, 09 ਫਰਵਰੀ 2024: ਪਾਕਿਸਤਾਨ ਵਿੱਚ ਨੈਸ਼ਨਲ ਅਸੈਂਬਲੀ ਅਤੇ ਸੂਬਾਈ ਚੋਣਾਂ (Pakistan elections) ਲਈ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਗਿਣਤੀ ਜਾਰੀ ਹੈ। ਵੋਟਿੰਗ ਬੀਤੇ ਵੀਰਵਾਰ ਨੂੰ ਸਵੇਰੇ 8:30 ਵਜੇ ਸ਼ੁਰੂ ਹੋਈ ਅਤੇ ਸ਼ਾਮ 5:30 ਵਜੇ ਤੱਕ ਜਾਰੀ ਰਹੀ। ਚੋਣ ਕਮਿਸ਼ਨ ਨੇ 18 ਘੰਟੇ ਦੀ ਦੇਰੀ ਤੋਂ ਬਾਅਦ ਅਧਿਕਾਰਤ ਨਤੀਜਿਆਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ।

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੇ 51 ਵਿੱਚੋਂ 17 ਸੀਟਾਂ ਜਿੱਤੀਆਂ ਹਨ। ਪਾਕਿਸਤਾਨ ਚੋਣਾਂ ‘ਚ ਇਮਰਾਨ ਖਾਨ ਨੂੰ ਨਵਾਜ਼ ਸ਼ਰੀਫ ਦੀ ਪਾਰਟੀ ਤੋਂ ਵੱਡਾ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ। 101 ਸੰਸਦੀ ਸੀਟਾਂ ‘ਤੇ ਜਿੱਥੇ ਵੋਟਾਂ ਦੀ ਗਿਣਤੀ ਚੱਲ ਰਹੀ ਹੈ, ਉੱਥੇ ਪੀਟੀਆਈ ਦੇ ਸਮਰਥਨ ਵਾਲੇ 47 ਆਜ਼ਾਦ ਉਮੀਦਵਾਰ ਅੱਗੇ ਚੱਲ ਰਹੇ ਹਨ।

ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਕੁੱਲ 336 ਸੀਟਾਂ ਹਨ। ਇਨ੍ਹਾਂ ‘ਚੋਂ 265 ਸੀਟਾਂ ‘ਤੇ ਚੋਣਾਂ (Pakistan elections) ਹੋਈਆਂ ਸਨ ਅਤੇ ਬਾਕੀ ਸੀਟਾਂ ਰਾਖਵੀਆਂ ਹਨ। ਇਸ ਦੇ ਨਾਲ ਹੀ ਇਕ ਵੀ ਸੀਟ ‘ਤੇ ਚੋਣ ਨਹੀਂ ਹੋਈ। ਪਾਕਿਸਤਾਨ ‘ਚ ਮੁੱਖ ਤੌਰ ‘ਤੇ 3 ਪਾਰਟੀਆਂ ਵਿਚਾਲੇ ਮੁਕਾਬਲਾ ਹੈ। ਇਨ੍ਹਾਂ ਵਿੱਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ), ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ), ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਸ਼ਾਮਲ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਹੁਣ ਤੱਕ ਇਮਰਾਨ ਦਾ ਸਮਰਥਨ ਕਰਨ ਵਾਲੇ ਆਜ਼ਾਦ ਉਮੀਦਵਾਰ ਸ਼ੁਰੂਆਤੀ ਰੁਝਾਨਾਂ ‘ਚ ਅੱਗੇ ਹਨ। ਚੋਣ ਕਮਿਸ਼ਨ ਨੇ ਨਤੀਜੇ ਜਾਰੀ ਕਰਨ ਵਿੱਚ ਦੇਰੀ ਕਰਨ ਦੀ ਖ਼ਬਰ ਹੈ । ਵੋਟਿੰਗ ਦੌਰਾਨ ਦੇਸ਼ ‘ਚ ਕਈ ਘੰਟਿਆਂ ਤੱਕ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਲਗਭਗ ਬੰਦ ਰਹੀਆਂ।

ਬਿਲਾਵਲ ਭੁੱਟੋ ਨੇ ਕੰਬਰ ਸ਼ਾਹਦਾਦਕੋਟ ਦੀ ਐਨਏ-196 ਸੀਟ ਤੋਂ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੂੰ 85, 370 ਵੋਟਾਂ ਮਿਲੀਆਂ। ਉਨ੍ਹਾਂ ਨੇ JUI-F ਦੇ ਨਸੀਰ ਮਹਿਮੂਦ ਨੂੰ 50,871 ਵੋਟਾਂ ਨਾਲ ਹਰਾਇਆ। ਇਸਦੇ ਨਾਲ ਹੀ ਪੀਐਮਐਲ (ਐਨ) ਦੇ ਮੀਆਂ ਮੁਹੰਮਦ ਨਵਾਜ਼ ਸ਼ਰੀਫ਼ ਨੇ ਪਾਕਿਸਤਾਨ ਦੀ ਐਨਏ-130 ਸੀਟ ਤੋਂ 1,71,024 ਵੋਟਾਂ ਨਾਲ ਚੋਣ ਜਿੱਤ ਲਈ ਹੈ ।

ਨੈਸ਼ਨਲ ਅਸੈਂਬਲੀ ਦੀਆਂ 336 ਸੀਟਾਂ ਵਿੱਚੋਂ 266 ਸੀਟਾਂ ਲਈ ਵੋਟਿੰਗ ਹੋਣੀ ਹੈ ਪਰ ਬਾਜੌਰ ਵਿੱਚ ਇੱਕ ਉਮੀਦਵਾਰ ਦੇ ਹਮਲੇ ਵਿੱਚ ਮਾਰੇ ਜਾਣ ਤੋਂ ਬਾਅਦ ਵੋਟਿੰਗ ਮੁਲਤਵੀ ਕਰ ਦਿੱਤੀ ਗਈ। ਹੋਰ 60 ਸੀਟਾਂ ਬੀਬੀਆਂ ਲਈ ਅਤੇ 10 ਸੀਟਾਂ ਘੱਟ ਗਿਣਤੀਆਂ ਲਈ ਰਾਖਵੀਆਂ ਹਨ ਅਤੇ ਇਹ ਅਨੁਪਾਤਕ ਪ੍ਰਤੀਨਿਧਤਾ ਦੇ ਆਧਾਰ ‘ਤੇ ਜੇਤੂ ਪਾਰਟੀਆਂ ਨੂੰ ਵੰਡੀਆਂ ਜਾਂਦੀਆਂ ਹਨ। ਨਵੀਂ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ 265 ਵਿੱਚੋਂ 133 ਸੀਟਾਂ ਜਿੱਤਣੀਆਂ ਪੈਣਗੀਆਂ।

Scroll to Top