ਚੰਡੀਗੜ੍ਹ, 20 ਮਾਰਚ 2023: ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ, ਜੋ ਇਕ ਸਾਲ ਪਹਿਲਾਂ ਦੇਸ਼ ਵਿਚ ਸੱਤਾ ਵਿਚ ਸੀ, ਇਨ੍ਹੀਂ ਦਿਨੀਂ ਮੁਸੀਬਤ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਜਦਕਿ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੀ ਸਿਆਸੀ ਪਾਰਟੀ ਪੀਟੀਆਈ ਨੂੰ ਪਾਬੰਦੀਸ਼ੁਦਾ ਸੰਗਠਨ ਐਲਾਨਣ ਦਾ ਸੰਕੇਤ ਦਿੱਤਾ ਹੈ। ਦੂਜੇ ਪਾਸੇ ਪਾਕਿਸਤਾਨੀ ਪੁਲਿਸ ਨੇ ਐਤਵਾਰ ਨੂੰ ਇਮਰਾਨ ਖਾਨ ਅਤੇ ਪਾਰਟੀ ਦੇ ਇਕ ਦਰਜਨ ਤੋਂ ਵੱਧ ਨੇਤਾਵਾਂ ਖ਼ਿਲਾਫ਼ ਅੱਤਵਾਦ ਦਾ ਮਾਮਲਾ ਦਰਜ ਕੀਤਾ ਹੈ।
ਗੁਆਂਢੀ ਮੁਲਕ ਪਾਕਿਸਤਾਨ ਦੀ ਵਿਰੋਧੀ ਪਾਰਟੀ ਪੀਟੀਆਈ ’ਤੇ ਪਾਬੰਦੀ ਲਾਉਣ ਦੀ ਧਮਕੀ ਦੇ ਰਿਹਾ ਹੈ। ਦਰਅਸਲ ਸ਼ਨੀਵਾਰ ਨੂੰ ਲਾਹੌਰ ‘ਚ ਪ੍ਰੈੱਸ ਕਾਨਫਰੰਸ ‘ਚ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਕਿਹਾ ਕਿ ਪੀਟੀਆਈ ਨੂੰ ਪਾਬੰਦੀਸ਼ੁਦਾ ਸੰਗਠਨ ਐਲਾਨਣ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ।
ਇਸਦੇ ਨਾਲ ਹੀ ਕਾਰਵਾਈ ਦੇ ਕਾਰਨਾਂ ਦਾ ਵੇਰਵਾ ਦਿੰਦਿਆਂ ਰਾਣਾ ਨੇ ਕਿਹਾ ਕਿ ਕਈ ਖ਼ੁਲਾਸਿਆਂ ਤੋਂ ਬਾਅਦ ਕਾਨੂੰਨੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਬਿਆਨ ਮੁਤਾਬਕ ਜਾਂਚ ਤੋਂ ਬਾਅਦ ਪਾਰਟੀ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਹਾਲਾਂਕਿ, ਗ੍ਰਹਿ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਧਿਕਾਰਤ ਤੌਰ ‘ਤੇ ਕਿਸੇ ਸਿਆਸੀ ਪਾਰਟੀ ‘ਤੇ ਪਾਬੰਦੀ ਲਗਾਉਣਾ ਆਖਿਰਕਾਰ ਅਦਾਲਤਾਂ ‘ਤੇ ਨਿਰਭਰ ਕਰਦਾ ਹੈ।