ਇਮਰਾਨ ਖਾਨ

ਇਮਰਾਨ ਖਾਨ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਅਲ ਕਾਦਿਰ ਟਰੱਸਟ ਅਤੇ ਤੋਸ਼ਾਖਾਨਾ ਮਾਮਲੇ ‘ਚ ਗ੍ਰਿਫਤਾਰ

ਚੰਡੀਗੜ੍ਹ, 14 ਨਵੰਬਰ 2023: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਮਰਾਨ ਖਾਨ ਪਹਿਲਾਂ ਹੀ ਖੁਫੀਆ ਦਸਤਾਵੇਜ਼ ਜਨਤਕ ਕਰਨ ਦੇ ਮਾਮਲੇ ‘ਚ ਅਦਿਆਲਾ ਜੇਲ੍ਹ ‘ਚ ਬੰਦ ਹਨ। ਹੁਣ ਪਾਕਿਸਤਾਨ ਦੀ ਚੋਟੀ ਦੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਵੀ ਇਮਰਾਨ ਖਾਨ ਨੂੰ ਅਲ ਕਾਦਿਰ ਟਰੱਸਟ ਅਤੇ ਤੋਸ਼ਾਖਾਨਾ ਮਾਮਲੇ ‘ਚ ਗ੍ਰਿਫਤਾਰ ਕਰ ਲਿਆ ਹੈ।

ਸੋਮਵਾਰ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ ਅਦਾਲਤ ਦੇ ਜੱਜ ਮੁਹੰਮਦ ਬਸ਼ੀਰ ਨੇ ਇਮਰਾਨ ਖਾਨ (Imran Khan) ਦੀ ਗ੍ਰਿਫਤਾਰੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ। ਜਿਸ ਤੋਂ ਬਾਅਦ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ‘ਚ ਬੰਦ ਇਮਰਾਨ ਖਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਾਕਿਸਤਾਨੀ ਮੀਡੀਆ ਮੁਤਾਬਕ ਇਸ ਗ੍ਰਿਫ਼ਤਾਰੀ ਦਾ ਮਤਲਬ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਤੋਂ ਜੇਲ੍ਹ ਵਿੱਚ ਹੀ ਦੋਵਾਂ ਮਾਮਲਿਆਂ ਵਿੱਚ ਪੁੱਛਗਿੱਛ ਕੀਤੀ ਜਾਵੇਗੀ। ਨੈਬ ਦੀ ਟੀਮ ਇਮਰਾਨ ਖਾਨ ਨੂੰ ਵੀ ਰਿਮਾਂਡ ‘ਤੇ ਲੈ ਸਕਦੀ ਹੈ।

ਦੱਸ ਦਈਏ ਕਿ ਇਮਰਾਨ ਖਾਨ ਨੂੰ ਖੁਫੀਆ ਦਸਤਾਵੇਜ਼ ਜਨਤਕ ਕਰਨ ਦੇ ਦੋਸ਼ ‘ਚ ਅਗਸਤ ਮਹੀਨੇ ਗ੍ਰਿਫਤਾਰ ਕੀਤਾ ਗਿਆ ਸੀ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਕ ਪਾਕਿਸਤਾਨੀ ਜਾਇਦਾਦ ਕਾਰੋਬਾਰੀ ‘ਤੇ 450 ਅਰਬ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਮਰਾਨ ਖਾਨ ‘ਤੇ ਦੋਸ਼ ਹੈ ਕਿ ਜ਼ੁਰਮਾਨੇ ਦੀ ਰਕਮ ਜਮ੍ਹਾ ਕਰਵਾਉਣ ਦੀ ਬਜਾਏ ਇਮਰਾਨ ਖਾਨ ਨੇ ਜ਼ੁਰਮਾਨੇ ਦੀ ਰਕਮ ‘ਤੇ ਸਮਝੌਤਾ ਕੀਤਾ ਅਤੇ ਇਸ ਦੇ ਬਦਲੇ ਕਾਰੋਬਾਰੀ ਨੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੁਆਰਾ ਬਣਾਏ ਅਲ ਕਾਦਿਰ ਟਰੱਸਟ ਨੂੰ ਕਰੀਬ 57 ਏਕੜ ਜ਼ਮੀਨ ਤੋਹਫੇ ਵਜੋਂ ਦਿੱਤੀ।

ਇਮਰਾਨ ਖਾਨ ਨੂੰ ਇਸ ਸਾਲ ਅਗਸਤ ਵਿੱਚ ਤੋਸ਼ਾਖਾਨਾ ਕੇਸ ਵਿੱਚ ਵੀ ਦੋਸ਼ੀ ਠਹਿਰਾਇਆ ਗਿਆ ਸੀ। ਹਾਲਾਂਕਿ ਇਸ ਮਾਮਲੇ ‘ਚ ਉਸ ਨੂੰ ਜ਼ਮਾਨਤ ਮਿਲ ਗਈ ਸੀ। ਇਹ ਮਾਮਲਾ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਦਰਜ ਕੀਤਾ ਸੀ। ਇਲਜ਼ਾਮ ਹੈ ਕਿ ਇਮਰਾਨ ਖ਼ਾਨ ਨੇ ਆਪਣੇ ਹਲਫ਼ਨਾਮੇ ਵਿੱਚ ਤੋਸ਼ਾਖਾਨੇ ਤੋਂ ਵੇਚੇ ਗਏ ਤੋਹਫ਼ੇ ਦੀਆਂ ਵਸਤੂਆਂ ਤੋਂ ਮਿਲੀ ਰਕਮ ਦੀ ਜਾਣਕਾਰੀ ਨਹੀਂ ਦਿੱਤੀ ਸੀ। ਹੁਣ ਨੈਬ ਨੇ ਇਮਰਾਨ ਖਾਨ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਅਦਾਲਤ ਨੇ ਇਮਰਾਨ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦਾ ਹੁਕਮ ਦਿੱਤਾ ਹੈ।

Scroll to Top