ਚੰਡੀਗੜ੍ਹ, 01 ਫਰਵਰੀ 2023: ਇੱਕ ਅਦਾਲਤ ਨੇ ਬੁੱਧਵਾਰ ਨੂੰ ਸਾਬਕਾ ਸੂਚਨਾ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸੀਨੀਅਰ ਨੇਤਾ ਫਵਾਦ ਚੌਧਰੀ (Fawad Chaudhary) ਨੂੰ ਦੇਸ਼ਧ੍ਰੋਹ ਦੇ ਇੱਕ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਉਸ ਦੀ ਰਿਹਾਈ ਦੇ ਹੁਕਮ ਦਿੱਤੇ ਹਨ।
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਰੀਬੀ ਸਾਥੀ ਫਵਾਦ ਚੌਧਰੀ (Fawad Chaudhary ) (52) ਨੂੰ ਪਿਛਲੇ ਹਫਤੇ ਲਾਹੌਰ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਦੇ ਸਕੱਤਰ ਦੀ ਸ਼ਿਕਾਇਤ ‘ਤੇ ਇਸਲਾਮਾਬਾਦ ਦੇ ਕੋਹਸਰ ਪੁਲਿਸ ਸਟੇਸ਼ਨ ‘ਚ ਚੋਣ ਕਮਿਸ਼ਨ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਧਮਕੀਆਂ ਦੇਣ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ ਹੈ।
ਵਧੀਕ ਸੈਸ਼ਨ ਅਦਾਲਤ ਦੇ ਜੱਜ ਫੈਜ਼ਾਨ ਗਿਲਾਨੀ ਨੇ ਬੁੱਧਵਾਰ ਨੂੰ ਚੌਧਰੀ ਨੂੰ ਦੇਸ਼ ਧ੍ਰੋਹ ਦੇ ਮਾਮਲੇ ‘ਚ 20,000 ਰੁਪਏ ਦੇ ਮੁਚਲਕੇ ‘ਤੇ ਜ਼ਮਾਨਤ ਦੇ ਦਿੱਤੀ। ਜੱਜ ਨੇ ਕਿਹਾ ਕਿ ਉਸ ਨੇ ਇਸ ਸ਼ਰਤ ‘ਤੇ ਜ਼ਮਾਨਤ ਦਿੱਤੀ ਹੈ ਕਿ ਚੌਧਰੀ ਉਸ ਦੋਸ਼ ਨੂੰ ਨਹੀਂ ਦੁਹਰਾਏਗਾ ਜਿਸ ਕਾਰਨ ਉਸ ਦੀ ਗ੍ਰਿਫਤਾਰੀ ਹੋਈ ਅਤੇ ਕੇਸ ਦਰਜ ਕੀਤਾ ਗਿਆ।