July 2, 2024 9:45 pm
Imran Khan

ਇਮਰਾਨ ਖਾਨ ਨੇ ਭਾਰਤ ਦੀ ਵਿਦੇਸ਼ ਨੀਤੀ ਦੀ ਕੀਤੀ ਸ਼ਲਾਘਾ, ਕਿਹਾ- ਰੂਸ ਤੋਂ ਅਸੀਂ ਵੀ ਖਰੀਦਣਾ ਚਾਹੁੰਦੇ ਸੀ ਸਸਤਾ ਤੇਲ

ਚੰਡੀਗੜ੍ਹ,10 ਅਪ੍ਰੈਲ 2023: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੇ ਇਕ ਵਾਰ ਫਿਰ ਭਾਰਤ ਦੀ ਤਾਰੀਫ ਕੀਤੀ ਹੈ। ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਰੂਸ-ਯੂਕਰੇਨ ਯੁੱਧ ਦੇ ਦੌਰਾਨ ਪਾਕਿਸਤਾਨ ਰੂਸ ਤੋਂ ਸਸਤਾ ਤੇਲ ਵੀ ਖਰੀਦ ਸਕਦਾ ਹੈ। ਭਾਰਤ ਦੀ ਵਿਦੇਸ਼ ਨੀਤੀ ਬਾਰੇ ਇਮਰਾਨ ਖਾਨ ਨੇ ਕਿਹਾ ਕਿ ਭਾਰਤ ਵਾਂਗ ਅਸੀਂ ਵੀ ਰੂਸ ਤੋਂ ਤੇਲ ਖਰੀਦਣਾ ਚਾਹੁੰਦੇ ਸੀ ਪਰ ਅਸੀਂ ਨਹੀਂ ਖਰੀਦ ਸਕੇ। ਕਿਉਂਕਿ ਸਾਡੀ ਸਰਕਾਰ ਡਿੱਗ ਗਈ ਸੀ ।

ਇਸ ਤੋਂ ਪਹਿਲਾਂ ਮਈ 2022 ਵਿੱਚ ਇਮਰਾਨ ਖਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਸ ਤੋਂ ਤੇਲ ਖਰੀਦਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਭਾਰਤ ਕਵਾਡ ਦਾ ਮੈਂਬਰ ਹੈ। ਉਸ ‘ਤੇ ਅਮਰੀਕੀ ਦਬਾਅ ਹੈ। ਇਸ ਦੇ ਬਾਵਜੂਦ ਉਹ ਰੂਸ ਤੋਂ ਸਸਤਾ ਤੇਲ ਖਰੀਦ ਰਿਹਾ ਹੈ ਅਤੇ ਇਸ ਰਾਹੀਂ ਉਹ ਆਪਣੇ ਨਾਗਰਿਕਾਂ ਨੂੰ ਰਾਹਤ ਦੇ ਰਿਹਾ ਹੈ। ਮੇਰੀ ਸਰਕਾਰ ਵੀ ਭਾਰਤ ਦੀ ਤਰਜ਼ ‘ਤੇ ਆਜ਼ਾਦ ਵਿਦੇਸ਼ ਨੀਤੀ ਚਾਹੁੰਦੀ ਸੀ ਅਤੇ ਇਸ ‘ਤੇ ਕੰਮ ਕਰ ਰਹੀ ਹੈ।

ਇਮਰਾਨ ਖਾਨ (Imran Khan) 22 ਤੋਂ 24 ਫਰਵਰੀ ਤੱਕ ਰੂਸ ਦੇ ਦੌਰੇ ‘ਤੇ ਸਨ। 24 ਫਰਵਰੀ ਨੂੰ ਰੂਸੀ ਫ਼ੌਜਾਂ ਨੇ ਯੂਕਰੇਨ ਉੱਤੇ ਹਮਲਾ ਕਰ ਦਿੱਤਾ ਸੀ । 23 ਸਾਲਾਂ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਰੂਸ ਦਾ ਦੌਰਾ ਕੀਤਾ ਸੀ। ਇਸ ਤੋਂ ਪਹਿਲਾਂ ਮਾਰਚ 1999 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਰੂਸ ਗਏ ਸਨ। 2022 ‘ਚ ਤੇਲ ਦੀਆਂ ਕੀਮਤਾਂ ‘ਚ ਭਾਰੀ ਵਾਧੇ ਕਾਰਨ ਪਾਕਿਸਤਾਨ ਦੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਮਰਾਨ ਦੂਜੇ ਦੇਸ਼ਾਂ ਤੋਂ ਕਰਜ਼ਾ ਲੈ ਕੇ ਪਾਕਿਸਤਾਨ ਦੀ ਆਰਥਿਕਤਾ ਨੂੰ ਠੀਕ ਕਰਨ ਵਿੱਚ ਰੁੱਝਿਆ ਹੋਇਆ ਸੀ।