Cotton crop

ਨਰਮੇਂ ਦੀ ਫ਼ਸਲ ਨੂੰ ਪ੍ਰਫੁਲਿਤ ਕਰਨ ਲਈ ਖੇਤੀਬਾੜੀ ਵਿਭਾਗ ਨੇ ਜਾਰੀ ਕੀਤੇ ਜ਼ਰੂਰੀ ਨੁਕਤੇ

ਸ੍ਰੀ ਮੁਕਤਸਰ ਸਾਹਿਬ 4 ਅਪ੍ਰੈਲ 2024: ਨਰਮੇ ਦੀ ਫ਼ਸਲ (Cotton crop) ਤੇ ਚਿੱਟੀ ਮੱਖੀ, ਮਿਲੀਬੱਗ ਅਤੇ ਲੀਫ਼ ਕਰਲ ਵਾਇਰਸ ਦੇ ਹਮਲੇ ਦੀ ਅਗਾਊ ਰੋਕਥਾਮ ਲਈ ਨਦੀਨ ਨਸ਼ਟ ਕਰਨ ਸਬੰਧੀ ਵੱਖ-2 ਵਿਭਾਗਾਂ ਦੇ ਸਹਿਯੋਗ ਨਾਲ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਗੁਰਨਾਮ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਕਿ ਨਰਮੇਂ ਦੀ ਬਿਜਾਈ ਤੋ ਪਹਿਲਾ ਚਿੱਟੀ ਮੱਖੀ ਖੇਤਾਂ ਦੀਆਂ ਵੱਟਾਂ, ਖਾਲੇ, ਪਹੀਆਂ, ਖਾਲੀ ਥਾਂਵਾ, ਸ਼ੜਕਾਂ ਦੇ ਕਿਨਾਰਿਆਂ, ਖਾਲੀ ਜਮੀਨ/ਪਲਾਟ, ਨਹਿਰਾਂ, ਕੱਸੀਆਂ ਅਤੇ ਡਰੇਨਾਂ ਵਿੱਚ ਉੱਗੇ ਨਦੀਨਾਂ ਅਤੇ ਹੋਰ ਫਸਲਾਂ ਉਪਰ ਪੱਲਦੀ ਰਹਿੰਦੀ ਹੈ।

ਨਰਮੇਂ (Cotton crop) ਦੀ ਬਿਜਾਈ ਉਪਰੰਤ ਨਦੀਨਾਂ ਉਪਰ ਪਲ ਰਹੀ ਇਹ ਚਿੱਟੀ ਮੱਖੀ ਨਰਮੇਂ ਦੀ ਫਸਲ ਤੇ ਹਮਲਾ ਕਰ ਦਿੰਦੀ ਹੈ। ਸੋ ਚਿੱਟੀ ਮੱਖੀ ਦਾ ਸਰਕਲ ਤੋੜਨ ਲਈ ਇਹ ਜਰੂਰੀ ਹੈ ਕਿ ਚਿੱਟੀ ਮੱਖੀ ਦੇ ਪਨਾਹਗੀਰ ਨਦੀਨ ਜਿਵੇ ਕਿ ਪੀਲੀ ਬੂਟੀ, ਪੁੱਠ ਕੰਡਾਂ, ਧਤੂਰਾ, ਦੋਧਕ, ਮਿਲਕ ਵੀਡ, ਬਾਥੂ, ਕੰਗੀ ਬੂਟੀ, ਚਲਾਈ, ਗੁਵਾਰਾ ਫਲੀ, ਭੰਬੋਲਾਂ, ਤਾਦਲਾਂ, ਗੁਲਾਬੀ, ਹੁਲਹੁਲ, ਮਾਕੜੂ ਵੇਲ, ਗਾਜਰ ਘਾਹ ਅਤੇ ਭੰਗ ਨਰਮੇਂ ਦੀ ਬਿਜਾਈ ਤੋ ਪਹਿਲਾਂ ਨਸ਼ਟ ਕਰਨੇ ਬਹੁਤ ਜਰੂਰੀ ਹਨ। ਇਸ ਤਰ੍ਹਾਂ ਕਰਨ ਨਾਲ ਚਿੱਟੀ ਮੱਖੀ ਦਾ ਸਰਕਲ ਟੁਟ ਜਾਵੇਗਾ ਅਤੇ ਨਰਮੇਂ ਦੀ ਫ਼ਸਲ ਤੇ ਹਮਲਾ ਘੱਟ ਹੋਵੇਗਾ।

ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਸਾਉਣੀ 2023 ਦੌਰਾਨ ਜਿ਼ਲ੍ਹੇ ਅੰਦਰ ਨਰਮੇਂ ਦੀ ਫ਼ਸਲ ਤੇ ਅਖੀਰ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਪਾਇਆ ਗਿਆ ਸੀ। ਜਿਸ ਕਾਰਨ ਹੁਣ ਇਸ ਗੁਲਾਬੀ ਸੁੰਡੀ ਦਾ ਲਾਰਵਾ ਰੂੰ ਮਿੱਲਾਂ ਵਿਚ ਪਏ ਨਰਮੇਂ, ਤੇਲ ਮਿੱਲਾਂ ਵਿੱਚ ਪਏ ਵੜੇਵਿਆਂ, ਖੇਤਾਂ ਅਤੇ ਪਿੰਡਾਂ ਵਿੱਚ ਪਈਆਂ ਛਿਟੀਆਂ ਵਿੱਚ ਪਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਜਿ਼ਲ੍ਹੇ ਅੰਦਰ 19 ਜਿੰਨਿੰਗ ਫੈਕਟਰੀਆਂ ਅਤੇ 21 ਆਇਲ ਮਿੱਲਾਂ ਮੌਜ਼ੂਦ ਹਨ। ਇਨ੍ਹਾਂ ਜਿਨਿੰਗ ਫੈਕਟਰੀਆਂ ਅਤੇ ਆਇਲ ਮਿੱਲਾਂ ਵਿੱਚ ਗੁਲਾਬੀ ਸੁੰਡੀ ਦੇ ਪ੍ਰਬੰਧਨ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ 8 ਤਕਨੀਕੀ ਨੋਡਲ ਅਧਿਕਾਰੀ ਲਗਾਏ ਗਏ ਹਨ ਜੋ ਸਮੇਂ-2 ਤੇ ਇਨ੍ਹਾਂ ਮਿੱਲਾਂ ਦਾ ਦੌਰਾ ਕਰਕੇ ਮਿੱਲ ਮਾਲਕਾਂ ਨੂੰ ਗੁਲਾਬੀ ਸੁੰਡੀ ਦੇ ਲਾਰਵੇ ਦੇ ਖਾਤਮੇ ਲਈ ਤਕਨੀਕੀ ਜਾਣਕਾਰੀ ਦੇ ਰਹੇ ਹਨ।

ਅੰਤ ਵਿੱਚ ਉਨਾਂ ਸਮੂਹ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਨਰਮੇਂ ਦੀ ਫਸਲ ਤੇ ਗੁਲਾਬੀ ਸੁੰਡੀ ਦੇ ਜੀਵਨ ਚੱਕਰ ਨੂੰ ਖਤਮ ਕਰਨ ਲਈ ਖੇਤਾਂ ਵਿੱਚ ਪਏ ਛਿਟੀਆਂ ਦੇ ਢੇਰਾਂ ਨੂੰ ਜਮੀਨ ਤੇ ਮਾਰ-2 ਕੇ ਅਣਖਿੜੇ ਟਿੰਡੇ ਅਤੇ ਸਿੱਕਰੀਆਂ ਨੂੰ ਝਾੜਨ ਜਾਂ ਤੋੜਨ ਉਪਰੰਤ ਨਸ਼ਟ ਕਰ ਦਿੱਤਾ ਜਾਵੇ। ਬਾਕੀ ਬਚੀਆਂ ਛਿਟੀਆਂ ਖੇਤਾਂ ਵਿੱਚ ਨਾਂ ਰੱਖੀਆਂ ਜਾਣ। ਇਸ ਤਰ੍ਹਾਂ ਨਾਲ ਕਿਸਾਨ ਵੀਰ ਨਰਮੇਂ ਦੀ ਪੈਦਾਵਾਰ ਵਧਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਦੇ ਹਨ।

Scroll to Top