ਚੰਡੀਗੜ੍ਹ, 22 ਫਰਵਰੀ 2025: ਰਾਸ਼ਟਰੀ ਸਿਹਤ ਮਿਸ਼ਨ ਤਹਿਤ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਪੰਜਾਬ ਵਿੱਚ 130 ਮੈਡੀਕਲ ਅਫਸਰਾਂ (Medical Officers) ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਇਸ ‘ਚ ਔਰਤਾਂ ਲਈ ਕਈ ਮਾਹਰ ਗਾਇਨੀਕੋਲੋਜਿਸਟ, ਮੈਡੀਸਨ, ਮਨੋਰੋਗ ਵਿਗਿਆਨ, ਅਨੇਸਥੀਸੀਆ ਸ਼ਾਮਲ ਹਨ। ਇਹ ਪ੍ਰਕਿਰਿਆ 28 ਫਰਵਰੀ ਤੱਕ ਪੂਰੀ ਹੋ ਜਾਵੇਗੀ। ਜਦੋਂ ਕਿ ਇਹ ਮਾਹਰ ਮਾਰਚ ਮਹੀਨੇ ਤੋਂ ਆਪਣਾ ਕੰਮ ਸ਼ੁਰੂ ਕਰਨਗੇ।
ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਕਮਿਊਨਿਟੀ ਹੈਲਥ ਸੈਂਟਰਾਂ (ਸੀਐਚਸੀ) ਵਿੱਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਕਮਿਊਨਿਟੀ ਸਿਹਤ ਕੇਂਦਰਾਂ ‘ਚ ਡਾਕਟਰਾਂ ਦੀ 72 ਪ੍ਰਤੀਸ਼ਤ ਘਾਟ ਹੈ। ਸਰਕਾਰ ਨੇ ਸਾਰੇ ਹਸਪਤਾਲਾਂ ਤੋਂ ਮਾਹਰਾਂ ਦੀ ਸੂਚੀ ਮੰਗੀ ਸੀ। ਜਿਸ ਤਹਿਤ ਇਸ ਬਾਰੇ ਫੈਸਲਾ ਲਿਆ ਜਾਵੇਗਾ।
ਇਹ ਫੈਸਲਾ ਪੰਜਾਬ ਸਰਕਾਰ ਵੱਲੋਂ ਔਰਤਾਂ ਦੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ ਲਿਆ ਗਿਆ ਹੈ। ਜਿਸ ‘ਚ 37 ਬਾਲ ਰੋਗ, 31 ਦਵਾਈ ਮਾਹਿਰ, 29 ਗਾਇਨੀਕੋਲੋਜਿਸਟ, 15 ਰੇਡੀਓਲੋਜੀ ਮਾਹਰ, 14 ਜਨਰਲ ਸਰਜਰੀ ਅਤੇ 4 ਮਨੋਰੋਗ ਮਾਹਰ (Medical Officers) ਸ਼ਾਮਲ ਹਨ। ਇਹ ਭਰਤੀਆਂ ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਵੱਲੋਂ ਪੰਜਾਬ ‘ਚ ਡਾਕਟਰਾਂ ਦੀ ਭਾਰੀ ਘਾਟ ਦੇ ਮੱਦੇਨਜ਼ਰ ਕੀਤੀਆਂ ਜਾ ਰਹੀਆਂ ਹਨ। ਇਹ ਸਾਰੇ ਜਲੰਧਰ, ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਾਸਪੁਰ, ਸੰਗਰੂਰ, ਮੋਹਾਲੀ, ਬਠਿੰਡਾ, ਫਤਿਹਗੜ੍ਹ ਸਾਹਿਬ, ਮਾਨਸਾ ਅਤੇ ਹੋਰ ਜ਼ਿਲ੍ਹਿਆਂ ਦੇ ਸੀਐਚਸੀ ‘ਚ ਤਾਇਨਾਤ ਕੀਤੇ ਜਾਣਗੇ।