ਚੰਡੀਗੜ੍ਹ,10 ਜੂਨ 2023: ’ਸਰਕਾਰ ਤੁਹਾਡੇ ਦੁਆਰ’ ਦੇ ਤਹਿਤ ਮਾਨਸਾ ਵਿਖੇ ਪੰਜਾਬ ਕੈਬਨਿਟ (Punjab Cabinet) ਦੀ ਮੀਟਿੰਗ ਸਮਾਪਤ ਹੋ ਗਈ ਹੈ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੈਬਨਿਟ ਮੀਟਿੰਗ ਵਿੱਚ ਕਾਫੀ ਅਹਿਮ ਫੈਸਲੇ ਲਏ ਗਏ ਹਨ, ਜਿਨ੍ਹਾਂ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ 2020-21 ਅਤੇ 2021-2022 ਦੀਆਂ ਸਲਾਨਾ ਪ੍ਰਬੰਧਕੀ ਰਿਪੋਰਟਾਂ ਨੂੰ ਪ੍ਰਵਾਨਗੀ ਦਿੱਤੀ ਹੈ | ਇਸਦੇ ਨਾਲ ਹੀ ਪਰਲ ਕੰਪਨੀ ਦਾ ਜਿਕਰ ਕਰਦਿਆਂ ਕਿਹਾ ਚਿੱਟ ਫ਼ੰਡ ਕੰਪਨੀਆਂ ਜੋ ਲੋਕਾਂ ਨੂੰ ਵਰਗਲਾ ਕੇ ਧੋਖਾਧੜੀ ਕਰਦੇ ਹਨ, ਉਨ੍ਹਾਂ ਦੇ ਠੱਲ੍ਹ ਪਾਉਣ ਲਈ ਐਕਟ ਵਿੱਚ ਸੋਧ ਕੀਤੀ ਜਾਵੇਗੀ, ਜਿਸ ਵਿੱਚ ਦੋਸ਼ੀ ਨੂੰ 10 ਸਾਲ ਦੀ ਸਜ਼ਾ ਹੋਵੇਗੀ | ਇਸਦੇ ਨਾਲ ਹੀ 19 ਤੋਂ 20 ਜੂਨ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਹੈ |
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੁਝ ਕੈਦੀ ਜਿਨ੍ਹਾਂ ਦੀ ਸਜ਼ਾ ਪੂਰੀ ਕਰ ਚੁੱਕੇ ਹਨ ਜਿਨ੍ਹਾਂ ਨੇ ਗੰਭੀਰ ਅਪਰਾਧ ਨਹੀਂ ਕੀਤਾ, ਉਨ੍ਹਾਂ ਦੀ ਰਿਪੋਰਟ ਉਸ ਇਲਾਕੇ ਦੇ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ ਵੱਲੋਂ ਪ੍ਰਾਪਤ ਕਰਕੇ ਕੈਬਿਨਟ ਮੀਟਿੰਗ ਵਿੱਚ ਵਿਚਾਰ ਕੇ ਪੰਜਾਬ ਦੇ ਰਾਜਪਾਲ ਨੂੰ ਭੇਜਿਆ ਜਾਵੇਗਾ, ਜਿਸ ‘ਤੇ ਪੰਜਾਬ ਦੇ ਰਾਜਪਾਲ ਫੈਸਲਾ ਲੈਣਗੇ | ਇਸਦੇ ਨਾਲ ਹੀ ਪੰਚਾਇਤਾਂ ਅਤੇ ਨਗਰ ਨਿਗਮ ਦੀ ਵਿੱਤ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ | ਇਸਦੇ ਨਾਲ ਹੀ ਜਿਹੜੇ ਅਧਿਆਪਕ 10 ਸਾਲ ਜਾਂ 10 ਸਾਲ ਤੋਂ ਵੱਧ ਸਰਵਿਸ ਕੀਤੀ ਹੈ,ਉਨ੍ਹਾਂ ਦੀ ਗਿਣਤੀ 7902 ਹੈ, ਉਨ੍ਹਾਂ ਨੂੰ ਪੱਕਾ ਕਰ ਰਹੇ ਹਾਂ | ਇਸਦੇ ਨਾਲ ਹੀ 6337 ਉਹ ਹਨ ਜਿਨ੍ਹਾਂ ਨੇ ਸਰਵਿਸ ਤਾਂ ਕੀਤੀ ਪਰ ਕਿਸੇ ਕਾਰਨ ਸਰਵਿਸ ਵਿੱਚ ਗੈਪ ਪੈ ਗਿਆ ਸੀ, ਉਹ ਸਾਰਾ ਪੀਰੀਅਡ ਗਿਣ ਕੇ ਉਨ੍ਹਾਂ ਨੂੰ ਵੀ ਪੱਕਾ ਕੀਤਾ ਜਾਵੇਗਾ | 14239 ਜਿਨ੍ਹਾਂ ਨੇ 10 ਸਾਲ ਜਾਂ 10 ਸਾਲ ਤੋਂ ਵੱਧ ਸਰਵਿਸ ਕੀਤੀ ਹੈ ਅਤੇ ਸਰਵਿਸ ਵਿੱਚ ਗੈਪ ਵਾਲਿਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ |