July 7, 2024 6:21 pm
Rishabh Pant

DDCA ਦਾ ਅਹਿਮ ਫੈਸਲਾ, ਰਿਸ਼ਭ ਪੰਤ ਨੂੰ ਇਲਾਜ ਲਈ ਮੁੰਬਈ ਕੀਤਾ ਜਾਵੇਗਾ ਸ਼ਿਫਟ

ਚੰਡੀਗੜ੍ਹ 04 ਜਨਵਰੀ 2023: ਭਾਰਤ ਦੇ ਸਟਾਰ ਕ੍ਰਿਕਟਰ ਰਿਸ਼ਭ ਪੰਤ (Rishabh Pant) ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਰੁੜਕੀ ਨੇੜੇ ਵਾਪਰੇ ਇੱਕ ਕਾਰ ਹਾਦਸੇ ਵਿੱਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਪੰਤ ਦਾ ਇਲਾਜ ਦੇਹਰਾਦੂਨ ‘ਚ ਚੱਲ ਰਿਹਾ ਹੈ ਪਰ ਹੁਣ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀਡੀਸੀਏ) ਨੇ ਵੱਡਾ ਫੈਸਲਾ ਲਿਆ ਹੈ। ਡੀਡੀਸੀਏ ਪੰਤ ਨੂੰ ਇਲਾਜ ਲਈ ਮੁੰਬਈ ਲੈ ਕੇ ਜਾਵੇਗਾ। ਇਸ ਦੇ ਨਾਲ ਹੀ ਉਸ ਦੇ ਲਿਗਾਮੈਂਟ ਦੀ ਸੱਟ ਦਾ ਇਲਾਜ ਕੀਤਾ ਜਾਵੇਗਾ।

ਡੀਡੀਸੀਏ ਦੇ ਡਾਇਰੈਕਟਰ ਸ਼ਿਆਮ ਸ਼ਰਮਾ ਨੇ ਕਿਹਾ ਕਿ ਕ੍ਰਿਕਟਰ ਰਿਸ਼ਭ ਪੰਤ ਨੂੰ ਅਗਲੇ ਇਲਾਜ ਲਈ ਅੱਜ ਮੁੰਬਈ ਸ਼ਿਫਟ ਕੀਤਾ ਜਾਵੇਗਾ। 30 ਦਸੰਬਰ ਨੂੰ ਹੋਏ ਕਾਰ ਹਾਦਸੇ ਤੋਂ ਬਾਅਦ ਪੰਤ ਦਾ ਦੇਹਰਾਦੂਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਬੀਸੀਸੀਆਈ ਨੇ ਦੱਸਿਆ ਸੀ ਕਿ ਪੰਤ ਦੇ ਸਿਰ ‘ਤੇ ਦੋ ਕੱਟ ਹਨ। ਉਸ ਦੇ ਸੱਜੇ ਗੋਡੇ ਵਿਚ ਲਿਗਾਮੈਂਟ ਫੱਟ ਗਿਆ ਹੈ ਅਤੇ ਉਸ ਦੇ ਸੱਜੇ ਗੁੱਟ, ਗਿੱਟੇ, ਪੈਰ ਦੇ ਅੰਗੂਠੇ ‘ਤੇ ਵੀ ਸੱਟਾਂ ਲੱਗੀਆਂ ਹਨ। ਇਸਦੇ ਨਾਲ ਹੀ ਉਸ ਦੀ ਪਿੱਠ ‘ਤੇ ਵੀ ਸੱਟ ਲੱਗੀ ਹੈ। ਪੰਤ ਦੀ ਹਾਲਤ ਫਿਲਹਾਲ ਖ਼ਤਰੇ ਤੋਂ ਬਾਹਰ ਹੈ ਪਰ ਹੁਣ ਬੀਸੀਸੀਆਈ ਅਤੇ ਡੀਡੀਸੀਏ ਨੇ ਉਨ੍ਹਾਂ ਦਾ ਬਿਹਤਰ ਇਲਾਜ ਕਰਵਾਉਣ ਦਾ ਫੈਸਲਾ ਕੀਤਾ ਹੈ। ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਬੀਸੀਸੀਆਈ ਆਉਣ ਵਾਲੇ ਵਨਡੇ ਵਿਸ਼ਵ ਕੱਪ ਦੇ ਮੱਦੇਨਜ਼ਰ ਪੰਤ ਨੂੰ ਜਲਦੀ ਤੋਂ ਜਲਦੀ ਫਿੱਟ ਦੇਖਣਾ ਚਾਹੁੰਦਾ ਹੈ।

ਪੰਤ (Rishabh Pant) ਦੀ ਐਮਆਰਆਈ ਸਕੈਨ ਰਿਪੋਰਟ ਵਿੱਚ ਕੋਈ ਦਿੱਕਤ ਨਹੀਂ ਆਈ। ਹਾਦਸੇ ਤੋਂ ਬਾਅਦ ਬੀਸੀਸੀਆਈ ਨੇ ਡੀਡੀਸੀਏ ਨੂੰ ਪੰਤ ਦੇ ਲਗਾਤਾਰ ਸੰਪਰਕ ਵਿੱਚ ਰਹਿਣ ਅਤੇ ਉਸ ਦੀ ਹਾਲਤ ’ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਸਨ। ਡੀਡੀਸੀਏ ਮੁਖੀ ਸ਼ਿਆਮ ਸ਼ਰਮਾ ਖੁਦ ਪੰਤ ਨੂੰ ਮਿਲਣ ਪਹੁੰਚੇ ਸਨ। ਇਸ ਤੋਂ ਇਲਾਵਾ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਪੰਤ ਨੂੰ ਮਿਲਣ ਹਸਪਤਾਲ ਪਹੁੰਚੇ ਸਨ।