July 7, 2024 10:32 am
Harjot Singh Bains

ਸਿੱਖਿਆ ਦੇ ਖੇਤਰ ‘ਚ ਨਿਵੇਸ਼ ਲਈ ਪੰਜਾਬ ‘ਚ ਅਥਾਹ ਸੰਭਾਵਨਾਵਾਂ: ਹਰਜੋਤ ਸਿੰਘ ਬੈਂਸ

ਐਸ.ਏ.ਐਸ. ਨਗਰ, 24 ਫ਼ਰਵਰੀ 2023: ਪੰਜਾਬ ਦੇ ਸਭ ਤੋਂ ਆਧੁਨਿਕ ਸ਼ਹਿਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰੂਪਨਗਰ ਅਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਸਿੱਖਿਆ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ (Harjot Singh Bains) ਨੇ ਅੱਜ ਇਥੇ ਇੰਡੀਅਨ ਸਕੂਲ ਆਫ਼ ਬਿਜ਼ਨਸ ਵਿਖੇ ਚਲ ਰਹੇ ਪੰਜਵੇਂ ਇਨਵੈਸਟਰਜ਼ ਪੰਜਾਬ ਸੰਮੇਲਨ ਦੌਰਾਨ ਹੋਏ “ਸਿੱਖਿਆ, ਖੋਜ ਅਤੇ ਹੁਨਰ” ਵਿਸ਼ੇ ‘ਤੇ ਹੋਏ ਸੈਸ਼ਨ ਨੂੰ ਸੰਬੋਧਨ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਚੇਰੀ ਸਿੱਖਿਆ ਦੀ ਸਾਖਰਤਾ ਦਰ 76 ਫ਼ੀਸਦੀ ਹੈ ਅਤੇ ਪੰਜਾਬ ਵਿੱਚ ਮੁੰਡਿਆਂ ਅਤੇ ਕੁੜੀਆਂ ਦੀ ਸਿੱਖਿਆ ਉਤੇ ਬਰਾਬਰ ਜ਼ੋਰ ਦਿੱਤਾ ਜਾ ਰਿਹਾ ਹੈ। ਸੂਬੇ ਦੀ ਲਗਭਗ 48 ਫ਼ੀਸਦੀ ਆਬਾਦੀ 0-25 ਸਾਲ ਉਮਰ ਵਰਗ ਦੀ ਹੈ, ਇਸ ਲਈ ਸਿੱਖਿਆ ਦੇ ਖੇਤਰ ਵਿੱਚ ਨਿਵੇਸ਼ ਲਈ ਪੰਜਾਬ ਵਿੱਚ ਅਥਾਹ ਸੰਭਾਵਨਾਵਾਂ ਹਨ।

ਸ. ਬੈਂਸ ਨੇ ਕਿਹਾ ਕਿ ਭਾਰਤ ਸਰਕਾਰ ਦੇ ਪ੍ਰੋਫਾਰਮੈਂਸ ਗਰੇਡਿੰਗ ਇੰਡੈਕਸ ਵਿਚ ਪੰਜ ਸਿਖਰਲੀਆ ਪੁਜ਼ੀਸ਼ਨਾਂ ਵਿਚੋਂ ਚਾਰ ਪੁਜ਼ੀਸ਼ਨਾਂ ਪੰਜਾਬ ਨੇ ਹਾਸਲ ਕੀਤੀਆਂ ਹਨ। ਇਸ ਦੇ ਨਾਲ ਹੀ ਨੀਤੀ ਆਯੋਗ ਦੀ ਇਨੋਵੈਸ਼ਨ ਇੰਡੈਕਸ ਰੀਪੋਰਟ-2020 ਅਨੁਸਾਰ ਪੰਜਾਬ ਰਾਜ ਦੇਸ਼ ਦੇ ਉਨ੍ਹਾਂ 10 ਰਾਜਾਂ ਵਿਚ ਸ਼ੁਮਾਰ ਹੈ, ਜਿਥੇ ਸਿੱਖਿਅਤ ਕਾਮੇ ਉਪਲਬਧ ਹਨ। ਇਸ ਦੇ ਨਾਲ ਹੀ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਏ++ ਦਰਜਾ ਹਾਸਲ ਕਰਕੇ ਦੇਸ਼ ਦੀ ਸਰਬੋਤਮ ਯੂਨੀਵਰਸਿਟੀ ਬਣੀ ਹੈ।

ਸਿੱਖਿਆ ਮੰਤਰੀ (Harjot Singh Bains) ਨੇ ਕਿਹਾ ਕਿ ਅਸੀਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਬਿਜ਼ਨਸ ਬਲਾਸਟਰ ਸਕੀਮ ਸ਼ੁਰੂ ਕੀਤੀ ਅਤੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਅਤੇ ਉਨ੍ਹਾਂ ਨੂੰ ਉਦਯੋਗਾਂ ਦੀਆਂ ਲੋੜਾਂ ਮੁਤਾਬਕ ਅਗਾਊਂ ਤਿਆਰ ਕਰਨ ਲਈ ਆਗਾਮੀ ਵਿਦਿਅਕ ਵਰ੍ਹੇ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ “ਉੱਦਮੀ ਸਿੱਖਿਆ” (ਇੰਟਰਪਨਿਊਰ ਐਜੂਕੇਸ਼ਨ) ਦਿੱਤੀ ਜਾਵੇਗੀ।

ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਵਿੱਚ 117 ਸਕੂਲ ਆਫ਼ ਐਮੀਨੈਂਸ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। ਇਹ ਸਕੂਲ 9ਵੀਂ ਤੋਂ 12ਵੀਂ ਜਮਾਤ ਤੱਕ ਹੋਣਗੇ।

ਸਿੱਖਿਆ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਕੌਮਾਂਤਰੀ ਪੱਧਰ ਦੀ ਸਿਖਲਾਈ ਹਾਸਲ ਕਰਨ ਲਈ ਸਿੰਗਾਪੁਰ ਭੇਜੇ ਸਨ ਅਤੇ 4 ਮਾਰਚ, 2023 ਨੂੰ ਦੂਸਰਾ ਬੈਚ ਸਿੱਖਿਆ ਹਾਸਲ ਕਰਨ ਲਈ ਸਿੰਗਾਪੁਰ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਆਈ.ਆਈ.ਐਮ. ਨਾਗਪੁਰ ਅਤੇ ਅਹਿਮਦਾਬਾਦ ਨਾਲ ਵੀ ਅਧਿਆਪਕ ਟ੍ਰੇਨਿੰਗ ਲਈ ਗੱਲਬਾਤ ਚਲ ਰਹੀ ਹੈ। ਸ. ਬੈਂਸ ਨੇ ਨਿਵੇਸ਼ਕਾਂ ਨੂੰ ਸਿੱਖਿਆ ਦੇ ਖੇਤਰ ਵਿਚੇ ਨਿਵੇਸ਼ ਦਾ ਸੱਦਾ ਦਿੰਦਿਆਂ ਕਿਹਾ ਸਾਡਾ ਉਦੇਸ਼ ਸੂਬੇ ਵਿਚ ਹੋਰ ਯੂਨੀਵਰਸਿਟੀਆਂ ਅਤੇ ਸਕੂਲ ਖੋਲ੍ਹਣ ਹੈ।

ਸੈਸ਼ਨ ਦੀ ਸ਼ੁਰੂਆਤ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਇਸ ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਪੰਜਾਬ ਵਿੱਚ ਨਿਵੇਸ਼ ਕਰਨ ਦੇ ਸੁਖਾਵੇਂ ਮਾਹੌਲ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਸੂਬੇ ਵਿਚ ਸਿੱਖਿਆ ਦਾ ਬਹੁਤ ਬਿਹਤਰ ਮਾਹੌਲ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਮੌਜੂਦਾ ਸਮੇਂ 25 ਵਿਦਿਆਰਥੀਆਂ ਪਿਛੇ ਇਕ ਅਧਿਆਪਕ ਹੈ ਅਤੇ ਪੰਜਾਬ ਦੇ ਸਿੱਖਿਆ ਢਾਂਚੇ ਵਿੱਚ ਗਣਿਤ ਤੇ ਭਾਸ਼ਾ ਪੜ੍ਹਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਜਿਸ ਸਦਕੇ ਸੂਬਾ ਗਣਿਤ ਅਤੇ ਭਾਸ਼ਾ ਪੜ੍ਹਾਉਣ ਦੇ ਮਾਮਲੇ ਵਿਚ ਦੇਸ਼ ਵਿਚ ਸਰਬੋਤਮ ਹੈ।

ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ ਦੀ ਯੂਨੀਵਰਸਿਟੀ ਗਰੇਡਿੰਗ ਸੰਸਥਾ ਨੈਕ ਵਲੋਂ ਏ++ ਗਰੇਡ ਰੈਂਕ ਦਿੱਤਾ ਗਿਆ ਹੈ ਜਿਸ ਸਦਕਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਿਸੇ ਵੀ ਵਿਦੇਸ਼ੀ ਯੂਨੀਵਰਸਿਟੀ ਦਾ ਕੈਂਪਸ ਸ਼ੁਰੂ ਕਰ ਸਕਦੀ ਹੈ ਜਿਸ ਲਈ ਕੇਂਦਰ ਸਰਕਾਰ ਦੀ ਪ੍ਰਵਾਨਗੀ ਦੀ ਵੀ ਪ੍ਰਵਾਨਗੀ ਦੀ ਲੋੜ ਨਹੀਂ ਹੈ।

ਇਸ ਮੌਕੇ ਬੋਲਦਿਆਂ ਸ਼ੂਲਨੀ ਯੂਨੀਵਰਸਿਟੀ ਦੇ ਸੰਸਥਾਪਕ ਡਾਕਟਰ ਅਤੁਲ ਖੋਸਲਾ ਨੇ ਕਿਹਾ ਕਿ ਸਾਨੂੰ ਵਿਦਿਅਕ ਸੰਸਥਾਵਾਂ ਦੇ ਗੇਟ ਹਰ ਵਿਦਿਆਰਥੀ ਲਈ ਖੋਲ੍ਹ ਦੇਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀ ਸਿੱਖਿਆ ਹਾਸਲ ਕਰਕੇ ਨਵੇਂ ਵਿਚਾਰਾਂ ਨਾਲ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕਣ।

ਲੈਮਰਿਨ ਟੈਕ ਸਕਿੱਲ ਯੂਨੀਵਰਸਿਟੀ ਦੇ ਚਾਂਸਲਰ ਡਾਕਟਰ ਸੰਦੀਪ ਕੌੜਾ ਨੇ ਦੱਸਿਆ ਕਿ ਲੈਮਰਿਨ ਯੂਨੀਵਰਸਿਟੀ ਦੇਸ਼ ਦੀ ਪਹਿਲੀ ਅਜਿਹੀ ਯੂਨੀਵਰਸਿਟੀ ਹੈ ਜਿਸ ਨੂੰ ਦੁਨੀਆਂ ਦੀ ਨਾਮੀ ਕੰਪਨੀ ਆਈ.ਬੀ.ਐਮ. ਦੀ ਭਾਈਵਾਲੀ ਨਾਲ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਦੁਨੀਆਂ ਦੀ ਜ਼ਰੂਰਤ ਅਨੁਸਾਰ ਬੱਚਿਆਂ ਨੂੰ ਸਿੱਖਿਆ ਦੇ ਕੇ ਭਵਿੱਖ ਲਈ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਪੂਰੀ ਦੁਨੀਆ ਨੂੰ ਨਿਪੁੰਨ ਕਾਮੇ ਮੁਹੱਈਆ ਕਰਵਾਉਣ ਹੈ।

ਸੈਸ਼ਨ ਨੂੰ ਸੰਬੋਧਨ ਕਰਦਿਆਂ ਆਈ.ਆਈ.ਟੀ. ਰੂਪਨਗਰ ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਅਹੂਜਾ ਨੇ ਕਿਹਾ ਕਿ ਆਈ.ਆਈ.ਟੀ. ਰੂਪਨਗਰ ਨੇ ਬਹੁਤ ਘੱਟ ਸਮੇਂ ਵਿੱਚ ਬਿਹਤਰੀਨ ਇੰਜੀਨੀਅਰ ਪੈਦਾ ਕਰਨ ਲਈ ਦੁਨੀਆਂ ਭਰ ਵਿੱਚ ਨਾਮਣਾ ਖੱਟਿਆ ਹੈ ਅਤੇ ਦੇਸ਼ ਦੇ ਨਾਮੀ ਵਿਦਿਅਕ ਸੰਸਥਾਵਾਂ ਨੂੰ ਪਛਾੜ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਉਹ 30 ਸਾਲ ਤੱਕ ਸਵੀਡਨ ਵਿੱਚ ਕੰਮ ਕਰਕੇ ਆਏ ਹਨ ਅਤੇ ਜਦੋਂ ਵਾਪਸ ਭਾਰਤ ਪਰਤੇ ਤਾਂ ਉਨ੍ਹਾਂ ਕੋਲ ਦੇਸ਼ ਦੀਆਂ ਚਾਰ ਨਾਮੀ ਆਈ.ਆਈ.ਟੀਜ਼. ਨੂੰ ਹੈੱਡ ਕਰਨ ਦਾ ਮੌਕਾ ਸੀ ਪਰ ਉਨ੍ਹਾਂ ਨੇ ਪੰਜਾਬੀ ਹੋਣ ਦੇ ਨਾਤੇ ਬਿਲਕੁਲ ਨਵੀਂ ਸਥਾਪਤ ਹੋਈ ਆਈ.ਆਈ.ਟੀ. ਰੂਪਨਗਰ ਨੂੰ ਚੁਣਿਆ।

ਉਨ੍ਹਾਂ ਦੱਸਿਆ ਕਿ ਦੁਨੀਆਂ ਦੀ ਨਾਮੀ ਸੰਸਥਾ ਇੰਪਲਾਈਮੈਂਟ ਆਫ਼ ਗ੍ਰੇਜੂਏਟ ਇੰਜੀਨੀਅਰ, ਫੈਡਰਲ ਰਿਜ਼ਰਵ ਬੈਂਕ ਆਫ਼ ਮਿਨੀਪੋਲਿਸ, ਪੈਨਸਿਲਵਿਨੀਆ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਵਿਸਕਾਂਸਿਨ-ਮੈਡੀਸਨ ਵੱਲੋਂ ਕੀਤੇ ਗਏ ਸਰਵੇਖਣ ਵਿੱਚ ਆਈ.ਆਈ.ਟੀ. ਰੂਪਨਗਰ ਨੂੰ ਦੁਨੀਆਂ ਦੀ ਸਰਬੋਤਮ ਸਿੱਖਿਆ ਸੰਸਥਾ ਐਲਾਨਿਆ ਗਿਆ ਹੈ।

ਇਸ ਮੌਕੇ ਬੋਲਦਿਆਂ ਪਲਾਕਸ਼ਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰੁਦਰ ਪ੍ਰਤਾਪ ਨੇ ਕਿਹਾ ਕਿ ਖੋਜ ਕਾਰਜਾਂ ਦੀ ਸ਼ੁਰੂਆਤ ਕਰਨ ਵਾਲੀ ਸਦੀਆਂ ਪੁਰਾਣੀ ਤਕਸ਼ੀਲਾ ਯੂਨੀਵਰਸਿਟੀ ਦੀ ਤਰਜ਼ ‘ਤੇ ਸਾਡੀ ਸੰਸਥਾ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੀ ਹੈ।