ਚੰਡੀਗੜ੍ਹ, 3 ਫਰਵਰੀ 2023: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਮੰਨਿਆ ਹੈ ਕਿ ਅੰਤਰਰਾਸ਼ਟਰੀ ਮੁਦਰਾ ਫੰਡ (IMF) ਨੇ 1.2 ਅਰਬ ਡਾਲਰ ਦੇ ਕਰਜ਼ੇ ਦੀ ਤੀਜੀ ਕਿਸ਼ਤ ਦੇਣ ਲਈ ਬਹੁਤ ਸਖ਼ਤ ਸ਼ਰਤਾਂ ਰੱਖੀਆਂ ਹਨ। ਸ਼ਰੀਫ ਨੇ ਕਿਹਾ ਕਿ IMF ਦੁਆਰਾ ਤੈਅ ਕੀਤੀਆਂ ਸ਼ਰਤਾਂ ਸਾਡੀ ਸੋਚ ਨਾਲੋਂ ਜ਼ਿਆਦਾ ਸਖਤ ਅਤੇ ਖਤਰਨਾਕ ਹਨ, ਪਰ ਕੀ ਕਰੀਏ? ਸਾਡੇ ਕੋਲ ਹੋਰ ਕੋਈ ਵਿਕਲਪ ਨਹੀਂ ਹੈ।
ਸ਼ਰੀਫ਼ ਦੇ ਬਿਆਨ ਦੀ ਡੂੰਘਾਈ ਵਿੱਚ ਜਾਣ ਤੋਂ ਪਹਿਲਾਂ ਪਾਕਿਸਤਾਨ ਦੀ ਬਹੁਤ ਬੁਰੀ ਆਰਥਿਕਤਾ ਨੂੰ ਸਮਝਣਾ ਜ਼ਰੂਰੀ ਹੈ। ਫੋਰੈਕਸ ਰਿਜ਼ਰਵ (ਵਿਦੇਸ਼ੀ ਮੁਦਰਾ ਭੰਡਾਰ) ਸਿਰਫ 3.1 ਅਰਬ ਡਾਲਰ ਬਚਿਆ ਹੈ। ਇਸ ਵਿੱਚੋਂ 3 ਅਰਬ ਡਾਲਰ ਸਾਊਦੀ ਅਰਬ ਅਤੇ ਯੂਏਈ ਦੇ ਹਨ। ਇਹ ਗਾਰੰਟੀਸ਼ੁਦਾ ਡਿਪਾਜ਼ਿਟ ਹਨ, ਜਿਸਦਾ ਮਤਲਬ ਹੈ ਕਿ ਇਹਨਾਂ ਨੂੰ ਖਰਚਿਆ ਨਹੀਂ ਜਾ ਸਕਦਾ।
ਪਾਕਿਸਤਾਨ ‘ਚ ਵੀਰਵਾਰ ਨੂੰ ਮਹਿੰਗਾਈ ਦਰ ਵਧ ਕੇ 27.8 ਫੀਸਦੀ ਹੋ ਗਈ। ਸਤੰਬਰ 2022 ਵਿੱਚ ਵਿਦੇਸ਼ੀ ਕਰਜ਼ਾ 130.2 ਅਰਬ ਡਾਲਰ ਸੀ। ਇਸ ਤੋਂ ਬਾਅਦ ਡਾਟਾ ਜਾਰੀ ਨਹੀਂ ਕੀਤਾ ਗਿਆ। ਡਾਲਰ ਦੇ ਮੁਕਾਬਲੇ ਰੁਪਿਆ (ਪਾਕਿਸਤਾਨੀ ਕਰੰਸੀ) 274 ਹੋ ਗਿਆ ਹੈ।