July 7, 2024 5:37 pm
Mohali

ਪੰਜ ਸਾਲਾਂ ‘ਚ ਮੋਹਾਲੀ ਸ਼ਹਿਰ ਦੀ ਬਦਲ ਜਾਵੇਗੀ ਤਸਵੀਰ: ਵਿਧਾਇਕ ਕੁਲਵੰਤ ਸਿੰਘ

ਮੋਹਾਲੀ, 11 ਅਪ੍ਰੈਲ 2023: ਹਲਕਾ ਮੋਹਾਲੀ (Mohali) ਤੋਂ ਵਿਧਾਇਕ ਸ. ਕੁਲਵੰਤ ਸਿੰਘ ਵਲੋਂ ਅੱਜ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਮੀਟਿੰਗ ਕੀਤੀ, ਇਸ ਦੌਰਾਨ ਮੋਹਾਲੀ ਨਗਰ ਨਿਗਮ ਦੀ ਕਮਿਸ਼ਨਰ ਨਵਜੋਤ ਕੌਰ ਅਤੇ ਸਹਾਇਕ ਕਮਿਸ਼ਨਰ ਕਿਰਨ ਸ਼ਰਮਾ ਤੋਂ ਇਲਾਵਾ ਹੋਰ ਮਹਿਕਮਿਆਂ ਨਾਲ ਸੰਬੰਧਿਤ ਅਧਿਕਾਰੀ ਹਾਜ਼ਰ ਸਨ |

ਇਸ ਮੌਕੇ ਕੁਲਵੰਤ ਸਿੰਘ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਗਰ ਨਿਗਮ ਦੇ ਅਧਿਕਾਰੀ ਇੱਕ ਟੀਮ ਬਣ ਕੇ ਕੰਮ ਕਰਨ, ਤਾਂ ਜੋ ਚੱਲ ਰਹੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾ ਸਕੇ ਅਤੇ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਵੱਧ ਤੋਂ ਵੱਧ ਲੋਕ ਤੱਕ ਪਹੁੰਚ ਸਕੇ | ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੀਟਿੰਗ ਵਿੱਚ ਫੰਡਾਂ ਦੀ ਘਾਟ ਕਾਰਨ ਰੁਕੇ ਪ੍ਰੋਜੈਕਟਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ, ਸ਼ਹਿਰ ਦੀਆਂ ਸੜਕਾਂ ਨੂੰ ਚੌੜਾ ਕਰਨ ਦੇ ਨਾਲ-ਨਾਲ ਸੜਕ ਹਾਦਸਿਆਂ ਨੂੰ ਰੋਕਣ ਲਈ ਚੌਕ ਬਣਾਏ ਜਾ ਰਹੇ ਹਨ |

MLA kulwant singh

ਉਨ੍ਹਾਂ ਨੇ ਕਿਹਾ ਕਿ ਬੇਮੌਸਮੀ ਬਰਸਾਤ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਅਧਿਕਾਰੀਆਂ ਨੂੰ ਪਾਣੀ ਦੀ ਨਿਕਾਸੀ ਸਬੰਧੀ ਬਣਦੀ ਕਾਰਵਾਈ ਕਰਨ ਲਈ ਕਿਹਾ ਹੈ, ਤਾਂ ਜੋ ਬਰਸਾਤ ਦੇ ਮੌਸਮ ਵਿੱਚ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ, ਤਾਂ ਜੋ ਅਜਿਹੀ ਸਮੱਸਿਆ ਮੁੜ ਨਾ ਉਭਰੇ |

ਗਮਾਡਾ ਵੱਲੋਂ ਬਣਾਏ ਗਏ ਕਈ ਸਾਲਾਂ ਤੋਂ ਬੰਦ ਪਏ ਖੇਡ ਸਟੇਡੀਅਮ ਬਾਰੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ’ਤੇ ਕੰਮ ਚੱਲ ਰਿਹਾ ਹੈ, ਪਰ ਜਿਹੜੇ ਲੋਕ ਇਸ ਬਾਰੇ ਮੁੱਦਾ ਬਣਾ ਰਹੇ ਹਨ, ਉਹ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਪਿਛਲੇ ਪੰਜ ਸਾਲ ਉਨ੍ਹਾਂ ਦੀ ਸਰਕਾਰ ਸੀ, ਮੰਤਰੀ ਵੀ ਉਨ੍ਹਾਂ ਦਾ ਸੀ ਤਾਂ ਉਸ ਵੇਲੇ ਕੰਮ ਕਿਉਂ ਨਹੀਂ ਹੋਇਆ। ਵਿਧਾਇਕ ਨੇ ਕਿਹਾ ਇੱਕ ਸਾਲ ਵਿੱਚ ਮੋਹਾਲੀ ਵਿੱਚ 15 ਕਰੋੜ ਦੀ ਲਾਗਤ ਨਾਲ ਸੀ.ਸੀ.ਟੀ.ਵੀ ਕੈਮਰੇ ਵੀ ਲਗਾਏ ਜਾ ਰਹੇ ਹਨ ਅਤੇ ਨਾਲ ਹੀ ਬੱਸ ਸਟੈਂਡ ਦੀਆਂ ਸਮੱਸਿਆ ਦਾ ਹੱਲ ਕੀਤਾ ਜਾਵੇਗਾ |

ਕੁਲਵੰਤ ਸਿੰਘ ਨੇ ਕਿਹਾ ਕਿ ਸ਼ਹਿਰ (Mohali)  ਵਿੱਚ ਛੇਤੀ ਹੀ ਸਿਟੀ ਬੱਸ ਸਰਵਿਸ ਸ਼ੁਰੂ ਹੋਣ ਜਾ ਰਹੀ ਹੈ, ਆਉਣ ਵਾਲੇ ਪੰਜ ਸਾਲਾਂ ‘ਚ ਮੋਹਾਲੀ ਸ਼ਹਿਰ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਜਾਵੇਗੀ। ਆਉਣ ਵਾਲੇ ਸਮੇਂ ਵਿੱਚ ਸ਼ਹਿਰ ਨੂੰ ਵਿਕਾਸ ਕਾਰਜਾਂ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਖੇਤਰ ਦਾ ਵਿਕਾਸ ਕਰਨ ਲਈ ਵਚਨਵੱਧ ਹੈ | ਸੂਬੇ ਦੇ ਹਰ ਖੇਤਰ ਦਾ ਵਿਕਾਸ ਕੀਤਾ ਜਾ ਰਿਹਾ ਹੈ, ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ | ਇਸ ਮੌਕੇ ਸੁਖਦੇਵ ਪਟਵਾਰੀ, ਹਰਮੇਸ਼ ਸਿੰਘ ਕੁੰਬੜਾ, ਰਾਜੀਵ ਵਸਿਸ਼ਟ, ਹਾਰਪਾਲ ਸਿੰਘ ਚੰਨਾ, ਐੱਸ.ਸੀ ਨਰੇਸ਼ ਬੱਤਾ ਆਦਿ ਹਾਜ਼ਰ ਰਹੇ |