ਕੁਲਦੀਪ ਧਾਲੀਵਾਲ

ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਉਣ ਲਈ ਕਬਜ਼ੇ ਛੱਡਣ ਲਈ ਖ਼ੁਦ ਹੀ ਅੱਗੇ ਆਉਣ ਨਜਾਇਜ਼ ਕਾਬਜ਼ਕਾਰ : ਕੁਲਦੀਪ ਧਾਲੀਵਾਲ

ਨੈਣ ਖੁਰਦ/ਪਟਿਆਲਾ 02 ਮਈ 2022: ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਭੁੱਨਰਹੇੜੀ ਬਲਾਕ ਦੇ ਪਿੰਡ ਨੈਣ ਖੁਰਦ ਵਿਖੇ ਪੁੱਜਕੇ, ਪਿਛਲੇ ਦਿਨੀਂ ਆਪਣੀ ਸਹਿਮਤੀ ਨਾਲ ਜੰਗਲਾਤ ਵਿਭਾਗ ਦੀ ਕਰੀਬ 43 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੱਡਣ ਵਾਲੇ ਪਰਿਵਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫ਼ੋਂ ਮਾਤਾ ਪਰਮਿੰਦਰ ਕੌਰ ਦੀ ਝੋਲੀ ਕਣਕ ਦੇ ਦਾਣੇ ਪਾ ਕੇ ਰਵਾਇਤੀ ਢੰਗ ਨਾਲ ਧੰਨਵਾਦ ਕੀਤਾ।

ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਰਵਾਇਤੀ ਢੰਗ ਨਾਲ ਪਰਿਵਾਰ ਦੀ ਬਜ਼ੁਰਗ ਔਰਤ ਦੀ ਝੋਲੀ ‘ਚ ਕਣਕ ਪਾ ਕੇ ਪਰਮਾਤਮਾ ਕੋਲ ਪਰਿਵਾਰ ਦੇ ਰਿਜਕ ‘ਚ ਵਾਧੇ ਦੀ ਅਰਦਾਸ ਵੀ ਕੀਤੀ। ਇਸ ਮੌਕੇ ਜ਼ਮੀਨ ਤੋਂ ਕਬਜ਼ਾ ਛੱਡਣ ਵਾਲੇ ਮਹਿਕ ਰਣਜੀਤ ਸਿੰਘ ਗਰੇਵਾਲ ਅਤੇ ਮੰਤਰੀ ਦੇ ਨਾਲ ਵਿਸ਼ੇਸ਼ ਤੌਰ ‘ਤੇ ਪੁੱਜੇ ਬਲਤੇਜ ਪੰਨੂ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ, ”ਇਸ ਪਰਿਵਾਰ ਨੇ ਸਰਕਾਰ ਦੇ ਰਿਜਕ ‘ਚ ਵਾਧੇ ਲਈ ਇਸ ਜ਼ਮੀਨ ਨੂੰ ਛੱਡਿਆ ਹੈ ਇਸ ਲਈ ਪੰਜਾਬ ਸਰਕਾਰ ਵੱਲੋਂ ਉਹ ਪਰਿਵਾਰ ਦੇ ਰਿਜਕ ‘ਚ ਵਾਧੇ ਦੀ ਅਰਦਾਸ ਕਰਦੇ ਹੋਏ ਕਣਕ ਦੇ ਦਾਣੇ ਲੈ ਕੇ ਆਏ ਹਨ।

Kuldeep Singh Dhaliwal

ਪੁਰਾਣਾ ਨਜਾਇਜ਼ ਕਬਜ਼ਾ ਵੀ ਛੁਡਵਾਇਆ

ਇਸ ਤੋਂ ਮਗਰੋਂ ਕੁਲਦੀਪ ਧਾਲੀਵਾਲ ਨੇ ਉਜ ਜ਼ਮੀਨ ਦਾ ਵੀ ਦੌਰਾ ਕੀਤਾ, ਜਿਥੋਂ ਦਹਾਕਿਆਂ ਪੁਰਾਣਾ ਨਜਾਇਜ਼ ਕਬਜ਼ਾ ਵੀ ਛੁਡਵਾਇਆ ਗਿਆ ਹੈ, ਇੱਥੇ ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਤੇ ਛੱਪੜਾਂ ਤੋਂ ਕਬਜ਼ੇ ਛੁਡਵਾਉਣ ਦੀ ਮੁਹਿੰਮ ਨੂੰ ਰਾਜ ਭਰ ‘ਚ ਵੱਡਾ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਜ਼ਮੀਨਾਂ ‘ਤੇ ਕੁਝ ਕਬਜ਼ੇ ਅਧਿਕਾਰੀਆਂ ਦੀ ਅਣਗਹਿਲੀ ਕਰਕੇ ਹੋਏ, ਕੁਝ ਵੋਟਾਂ ਦੀ ਗੰਧਲੀ ਸਿਆਸਤ ਕਰਕੇ ਅਤੇ ਬਾਕੀ ਸੀਨਾਜ਼ੋਰੀ ਨਾਲ ਪਰੰਤੂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਮਜ਼ਬੂਤ ਇੱਛਾ ਸ਼ਕਤੀ ਕਰਕੇ ਸਾਰੇ ਨਜਾਇਜ਼ ਕਬਜ਼ੇ ਛੁਡਵਾ ਲਏ ਜਾਣਗੇ।

ਇੱਕ ਸਵਾਲ ਦੇ ਜਵਾਬ ‘ਚ ਪੰਚਾਇਤ ਮੰਤਰੀ ਨੇ ਕਿਹਾ ਕਿ ਬਹੁਤੀਆਂ ਜ਼ਮੀਨਾਂ ਖੇਤੀਬਾੜੀ ਵਾਲੀਆਂ ਹਨ, ਜੋਕਿ ਖਾਲੀ ਕਰਵਾ ਕੇ ਖੁੱਲੀ ਬੋਲੀ ਤੇ ਪਾਰਦਰਸ਼ੀ ਢੰਗ ਨਾਲ ਠੇਕੇ ‘ਤੇ ਦਿੱਤੀਆਂ ਜਾਣਗੀਆਂ ਜਦਕਿ ਅੰਮ੍ਰਿਤਸਰ, ਲੁਧਿਆਣਾ ਤੇ ਇੱਕ ਦੋ ਹੋਰ ਸ਼ਹਿਰਾਂ ‘ਚ ਸਨਅਤੀ ਖੇਤਰ ਦੀਆਂ ਵੀ ਜ਼ਮੀਨਾਂ ਹਨ, ਜਿਨ੍ਹਾਂ ‘ਤੇ ਸਨਅਤਾਂ ਲਾਈਆਂ ਜਾਣਗੀਆਂ। ਕੁਲਦੀਪ ਧਾਲੀਵਾਲ ਨੇ ਨਜਾਇਜ਼ ਕਾਬਜ਼ਕਾਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਉਹ ਖ਼ੁਦ ਹੀ ਅਜਿਹੇ ਕਬਜ਼ੇ ਛੱਡ ਦੇਣ ਪਰੰਤੂ ਅਜਿਹਾ ਨਾ ਹੋਣ ‘ਤੇ ਪੰਜਾਬ ਸਰਕਾਰ ਸਖ਼ਤ ਕਾਨੂੰਨੀ ਕਾਰਵਾਈ ਵੀ ਕਰੇਗੀ।

ਪੀਣ ਵਾਲੇ ਸਾਫ਼ ਪਾਣੀ ਦੀ ਸਮੱਸਿਆਵਾਂ ਨੂੰ ਜਲਦ ਕੀਤਾ ਜਾਵੇਗਾ ਹੱਲ

ਉਨ੍ਹਾਂ ਨੇ ਹੋਰ ਕਿਹਾ ਕਿ ਜਿਹੜੀਆਂ ਜ਼ਮੀਨਾਂ ਦੇ ਕੇਸ ਅਦਾਲਤਾਂ ‘ਚ ਚੱਲਦੇ ਹਨ, ਉਸ ਲਈ ਸੀਨੀਅਰ ਵਕੀਲਾਂ ਦੀਆਂ ਸੇਵਾਵਾਂ ਲੈਕੇ ਕੇਸ ਜਿੱਤੇ ਜਾਣਗੇ। ਪਿੰਡਾਂ ਦੇ ਵਿਕਾਸ ਬਾਬਤ ਇੱਕ ਸਵਾਲ ਦਾ ਜਵਾਬ ਦਿੰਦਿਆਂ ਪੰਚਾਇਤ ਮੰਤਰੀ ਨੇ ਕਿਹਾ ਕਿ ਪਿੰਡਾਂ ‘ਚ ਦੋ ਵੱਡੀਆਂ ਸਮੱਸਿਆਵਾਂ ਹਨ, ਪਹਿਲੀ ਪੀਣ ਵਾਲੇ ਸਾਫ਼ ਪਾਣੀ ਦੀ ਅਤੇ ਦੂਜੀ ਗੰਦੇ ਪਾਣੀ ਦੇ ਨਿਕਾਸ ਦੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਹੀ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੀ ਸਰਕਾਰ ਬਹੁਤ ਹੀ ਵਧੀਆ ਢੰਗ ਨਾਲ ਕਰੇਗੀ।

ਕੁਲਦੀਪ ਧਾਲੀਵਾਲ ਨੇ ਹੋਰ ਕਿਹਾ ਕਿ ਪਹਿਲਾਂ ਬਿਨ੍ਹਾਂ ਯੋਜਨਾਬੰਦੀ ਤੋਂ ਫੰਡ ਆਪਹੁੰਦਰੇ ਢੰਗ ਨਾਲ ਖ਼ਰਚੇ ਜਾਂਦੇ ਰਹੇ ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਤਿਹਾਸਕ ਫੈਸਲੇ ਲਏ ਹਨ, ਜਿਸ ਤਹਿਤ ਪੂਰੀ ਡਿਜ਼ਾਇਨ ਬਣਾ ਕੇ ਪਿੰਡਾਂ ਦੇ ਵਿਕਾਸ ਕਾਰਜ ਹੋਣਗੇ ਤਾਂ ਕਿ ਲੋਕ ਇਨ੍ਹਾਂ ਨੂੰ ਸਦੀਆਂ ਤੱਕ ਯਾਦ ਰੱਖਣ। ਇਸ ਤੋਂ ਬਿਨ੍ਹਾਂ ਸਰਕਾਰ ਨੇ ਬਜ਼ਟ ਬਣਾਉਣ ‘ਚ ਵੀ ਲੋਕਾਂ ਦੇ ਸੁਝਾਓ ਲੈਣ ਦਾ ਫੈਸਲਾ ਕੀਤਾ ਹੈ ਅਤੇ ਜੂਨ ਮਹੀਨੇ ਗ੍ਰਾਮ ਸਭਾਵਾਂ ‘ਚ ਪਿੰਡਾਂ ਦੇ ਵਿਕਾਸ ਲਈ ਮਤੇ ਪਾਸ ਕਰਕੇ ਸਰਕਾਰ ਨੂੰ ਭੇਜਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ।

Scroll to Top