ਚੰਡੀਗੜ੍ਹ, 9 ਮਈ 2024: ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (IGNOU) ਹਰਿਆਣਾ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਕੈਦੀਆਂ ਨੂੰ ਉੱਚ ਸਿੱਖਿਆ ਨਾਲ ਜੋੜ ਕੇ ਉਨ੍ਹਾਂ ਵਿਚ ਸਿੱਖਿਆ ਦੀ ਭਾਵਨਾ ਜਗਾਉਣ ਦਾ ਕੰਮ ਕਰ ਰਹੀ ਹੈ। 12ਵੀਂ ਜਮਾਤ ਪਾਸ ਕਰ ਚੁੱਕੇ ਅਤੇ ਉੱਚ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਕੈਦੀਆਂ ਲਈ ਇਗਨੂੰ ਵੱਲੋਂ ਜੇਲ੍ਹਾਂ ਵਿੱਚ ਸਟੱਡੀ ਸੈਂਟਰ ਸਥਾਪਤ ਕੀਤੇ ਗਏ ਹਨ। ਜੇਕਰ ਕੋਈ ਕੈਦੀ ਗ੍ਰੈਜੂਏਸ਼ਨ ਜਾਂ ਕੋਈ ਹੋਰ ਉੱਚ ਕੋਰਸ ਕਰ ਰਿਹਾ ਹੈ ਤਾਂ ਉਸ ਦੀ ਪੜ੍ਹਾਈ ਅਤੇ ਇਮਤਿਹਾਨਾਂ ਦਾ ਇੰਤਜ਼ਾਮ ਇਗਨੂੰ ਦੁਆਰਾ ਜੇਲ੍ਹ ਵਿੱਚ ਉਸ ਦੇ ਕਾਰਜਕਾਲ ਦੌਰਾਨ ਮੁਫ਼ਤ ਕੀਤਾ ਜਾਂਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ (IGNOU) ਦੇ ਬੁਲਾਰੇ ਨੇ ਦੱਸਿਆ ਕਿ ਜੇਲ੍ਹ ਵਿੱਚ ਬੰਦ ਕੈਦੀ ਸਿੱਖਿਆ ਦੇ ਚਾਨਣ ਨਾਲ ਆਪਣੀ ਜ਼ਿੰਦਗੀ ਦੇ ਹਨੇਰੇ ਨੂੰ ਦੂਰ ਕਰਨ ਦਾ ਯਤਨ ਕਰ ਰਹੇ ਹਨ। ਅਪਰਾਧੀਆਂ ਦੇ ਭਵਿੱਖ ਨੂੰ ਸੁਧਾਰਨ ਲਈ ਇਗਨੂੰ ਤਹਿਤ ਸਿੱਖਿਆ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਦਾ ਉਦੇਸ਼ ਇਹ ਹੈ ਕਿ ਅਪਰਾਧੀ ਜੇਲ੍ਹ ਵਿੱਚ ਬਿਤਾਏ ਸਮੇਂ ਦੀ ਚੰਗੀ ਵਰਤੋਂ ਕਰ ਸਕਣ। ਪਿਛਲੇ ਤਿੰਨ ਸਾਲਾਂ ਵਿੱਚ ਹਰਿਆਣਾ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਕੁੱਲ 792 ਕੈਦੀਆਂ ਨੇ ਉੱਚ ਸਿੱਖਿਆ ਹਾਸਲ ਕਰਨ ਦੀ ਦਿਸ਼ਾ ਵਿੱਚ ਸਫਲਤਾਪੂਰਵਕ ਕਦਮ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਸੈਂਕੜੇ ਕੈਦੀਆਂ ਨੇ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਲਿਆ ਹੈ, ਜੋ ਹੁਣ ਸਿੱਖਿਆ ਪ੍ਰਾਪਤ ਕਰਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਸਕਣਗੇ। ਕੈਦੀ ਜੇਲ੍ਹ ਵਿੱਚ ਰਹਿੰਦਿਆਂ ਹੋਰਨਾਂ ਕੈਦੀਆਂ ਨੂੰ ਵੀ ਪੜ੍ਹਾਈ ਲਈ ਪ੍ਰੇਰਿਤ ਕਰ ਰਹੇ ਹਨ। ਕੈਦੀਆਂ ਨੂੰ ਸਿੱਖਿਅਤ ਕਰਨ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਆਪਣੀ ਸਜ਼ਾ ਭੁਗਤਣ ਤੋਂ ਬਾਅਦ ਇੱਥੋਂ ਜਾ ਕੇ ਆਪਣਾ ਭਵਿੱਖ ਸੁਧਾਰ ਸਕਣ।