July 2, 2024 9:36 pm
Police martyrs

ਪੁਲਿਸ ਵੱਲੋਂ ਆਈ.ਜੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸ.ਐੱਸ.ਪੀ ਡਾ. ਸੰਦੀਪ ਗਰਗ ਦੀ ਅਗਵਾਈ ਹੇਠ ਪੁਲਿਸ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ

ਐਸ.ਏ.ਐਸ.ਨਗਰ, 21 ਅਕਤੂਬਰ, 2023: ਦੇਸ਼ ਦੇ ਪੁਲਿਸ ਸ਼ਹੀਦਾਂ (Police martyrs) ਨਾਲ ਇਕਜੁੱਟਤਾ ਪ੍ਰਗਟਾਉਣ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ.ਨਗਰ, ਮੁਹਾਲੀ ਵਿਖੇ ਇੰਸਪੈਕਟਰ ਜਨਰਲ ਆਫ਼ ਪੁਲਿਸ, ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ ਐਸ ਪੀ ਡਾ. ਸੰਦੀਪ ਗਰਗ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਨੇ ਪੁਲਿਸ ਯਾਦਗਾਰੀ ਦਿਵਸ ਮਨਾਇਆ।

ਆਈ.ਜੀ. ਜੀ.ਐਸ. ਭੁੱਲਰ ਨੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਸ਼ਹੀਦਾਂ (Police martyrs) ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਪੁਲਿਸ ਬਲ ਅਤੇ ਨੀਮ-ਫੌਜੀ ਬਲਾਂ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਚ ਬਹੁਤ ਹੀ ਸਖ਼ਤ ਸੰਘਰਸ਼ ਨਾਲ ਬਹਾਲ ਕੀਤੇ ਅਮਨ-ਸ਼ਾਂਤੀ ਦੌਰਾਨ ਪੁਲਿਸ ਦੀ ਲਾਮਿਸਾਲ ਬਹਾਦਰੀ ਹਰ ਇੱਕ ਨੇ ਦੇਖੀ ਕਿ ਕਿਸ ਤਰ੍ਹਾਂ ਨੌਜਵਾਨ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪੰਜਾਬ ਦੇ ਲੋਕਾਂ ਲਈ ਭੈਅ-ਮੁਕਤ ਮਾਹੌਲ ਸਿਰਜਣ ਤੋਂ ਇਲਾਵਾ ਅਮਨ-ਕਾਨੂੰਨ ਨੂੰ ਕਾਇਮ ਰੱਖਿਆ।

ਉਨ੍ਹਾਂ ਕਿਹਾ ਕਿ ਇਹ ਦਿਨ ਸਾਨੂੰ ਏ ਐਸ ਆਈ ਕਰਮ ਸਿੰਘ ਦੀ ਅਗਵਾਈ ਵਿੱਚ ਆਈ ਟੀ ਬੀ ਪੀ/ਸੀ ਆਰ ਪੀ ਐਫ ਦੇ ਜਵਾਨਾਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ 21 ਅਕਤੂਬਰ, 1959 ਨੂੰ ਲੱਦਾਖ ਦੇ ਹੌਟ ਸਪ੍ਰਿੰਗਜ਼ ਵਿਖੇ ਗਸ਼ਤ ਦੌਰਾਨ ਚੀਨੀ ਫੌਜਾਂ ਦੇ ਘਾਤਕ ਹਮਲੇ ਵਿੱਚ ਆਪਣੀ ਜਾਨ ਗੁਆ ਦਿੱਤੀ ਸੀ ਅਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਦੀ ਆਪਣੀ ਡਿਊਟੀ ਕਰਦਿਆਂ ਇੱਕ ਮਿਸਾਲ ਕਾਇਮ ਕੀਤੀ ਸੀ।

ਐਸ ਐਸ ਪੀ ਡਾ. ਸੰਦੀਪ ਗਰਗ ਨੇ ਕਿਹਾ ਕਿ ਜ਼ਿਲ੍ਹਾ ਆਪਣੇ 35 ਪੁਲਿਸ ਸ਼ਹੀਦਾਂ ਦੀ ਵਿਰਾਸਤ ਨੂੰ ਹਮੇਸ਼ਾਂ ਯਾਦ ਰੱਖੇਗਾ, ਜਿਨ੍ਹਾਂ ਨੇ ਅਮਨ-ਕਾਨੂੰਨ ਨੂੰ ਅਸਥਿਰ ਕਰਨ ਅਤੇ ਸਖ਼ਤ ਮਿਹਨਤ ਨਾਲ ਕਮਾਈ ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੇ ਗੁਆਂਢੀ ਦੇਸ਼ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ‘ਤੇ ਮਾਣ ਹੈ ਕਿ ਉਨ੍ਹਾਂ ਨੇ ਦੇਸ਼ ਅਤੇ ਰਾਜ ਦੀ ਏਕਤਾ ਅਤੇ ਅਖੰਡਤਾ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।

ਜ਼ਿਲ੍ਹਾ ਪੁਲਿਸ ਵੱਲੋਂ ਇਸ ਮੌਕੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰੰਜਨ ਕੁਮਾਰ ਖੁੱਲਰ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਨੀਸ਼ ਗੋਇਲ, ਐਸ.ਡੀ.ਐਮ ਮੋਹਾਲੀ ਚੰਦਰਜੋਤੀ ਸਿੰਘ ਅਤੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਸੇਵਾਮੁਕਤ ਪੁਲਿਸ ਅਧਿਕਾਰੀਆਂ ਸਮੇਤ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਪਹਿਲਾਂ ਐਸ ਪੀ (ਐਚ) ਜਯੋਤੀ ਯਾਦਵ ਨੇ ਰਾਸ਼ਟਰ ਦੇ 189 ਪੁਲਿਸ ਸ਼ਹੀਦਾਂ ਦੇ ਨਾਮ ਪੜ੍ਹ ਕੇ ਸੁਣਾਏ ਜਿਨ੍ਹਾਂ ਨੇ ਇਸ ਸਾਲ ਡਿਊਟੀ ਦੌਰਾਨ ਆਪਣੀ ਜਾਨ ਗਵਾਈ।

ਪੁਲਿਸ ਯਾਦਗਾਰੀ ਦਿਵਸ ਸੋਗ ਪਰੇਡ ਦੀ ਅਗਵਾਈ ਡੀ.ਐਸ.ਪੀ ਪ੍ਰਿਆ ਖੇੜਾ ਨੇ ਕੀਤੀ ਅਤੇ ਪੁਲਿਸ ਸ਼ਹੀਦਾਂ ਦੀ ਯਾਦ ਵਿੱਚ ਸਮੂਹ ਹਾਜ਼ਰੀਨ ਨੇ ਦੋ ਮਿੰਟ ਦਾ ਮੌਨ ਰੱਖਿਆ। ਜ਼ਿਲ੍ਹਾ ਪੁਲਿਸ ਨੇ ਜ਼ਿਲ੍ਹੇ ਨਾਲ ਸਬੰਧਤ 35 ਪੁਲਿਸ ਸ਼ਹੀਦਾਂ ਦੇ ਪਰਿਵਾਰਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਇਸ ਮੌਕੇ ਉਨ੍ਹਾਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਮਰਪਿਤ ਹੈਲਪਲਾਈਨ ਨੰਬਰ 94175-01418 ਦਾ ਐਲਾਨ ਵੀ ਕੀਤਾ।

ਹੈਲਪਲਾਈਨ ਦੀ ਨਿਗਰਾਨੀ ਐਸ ਪੀ (ਐਚ) ਜਯੋਤੀ ਯਾਦਵ ਕਰਨਗੇ। ਇਸ ਮੌਕੇ ਹਾਜ਼ਰ ਜ਼ਿਲ੍ਹਾ ਪੁਲੀਸ ਅਧਿਕਾਰੀਆਂ ਵਿੱਚ ਐਸ ਪੀਜ਼ ਜਯੋਤੀ ਯਾਦਵ, ਅਮਨਦੀਪ ਸਿੰਘ ਬਰਾੜ, ਅਕਾਸ਼ਦੀਪ ਸਿੰਘ ਔਲਖ, ਏ ਐਸ ਪੀ ਦਰਪਨ ਆਹਲੂਵਾਲੀਆ, ਡੀ ਐਸ ਪੀਜ਼ ਰੁਪਿੰਦਰਦੀਪ ਕੌਰ ਸੋਹੀ, ਪ੍ਰਭਜੋਤ ਕੌਰ, ਹਰਸਿਮਰਨ ਸਿੰਘ ਬੱਲ, ਧਰਮਵੀਰ ਸਿੰਘ, ਸਮਰ ਵਨੀਤ, ਨਰਿੰਦਰ ਪਾਲ, ਅਸ਼ੋਕ ਕੁਮਾਰ ਅਤੇ ਐਸ.ਪੀ. ਹਰਸਿਮਰਤ ਸਿੰਘ ਛੇਤਰਾ ਦੇ ਨਾਮ ਜ਼ਿਕਰਯੋਗ ਹਨ।