July 2, 2024 8:20 pm
Punbus/PRTC

ਜੇਕਰ 14 ਸਤੰਬਰ ਦੀ ਮੀਟਿੰਗ ਤੋਂ ਭੱਜੀ ਪੰਜਾਬ ਸਰਕਾਰ ਤਾਂ ਪਨਬਸ/ਪੀ.ਆਰ.ਟੀ.ਸੀ ਦਾ ਕਰਾਂਗੇ ਚੱਕਾ ਜਾਮ: ਗੁਰਪ੍ਰੀਤ ਢਿੱਲੋਂ

ਸ੍ਰੀ ਮੁਕਤਸਰ ਸਾਹਿਬ,12 ਸਤੰਬਰ 2023: ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ (Punbus/PRTC) ਕੰਟਰੈਕਟ ਵਰਕਰਜ ਯੂਨੀਅਨ ਵੱਲੋਂ ਪੂਰੇ ਪੰਜਾਬ ਭਰ ਦੇ ਡਿੱਪੂਆਂ ਤੇ ਗੇਟ ਰੈਲੀਆਂ ਕੀਤੀਆਂ |ਇਸ ਦੌਰਾਨ ਸੂਬਾ ਆਗੂ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ Punjab government) ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵਿੱਚ ਫੇਲ ਸਾਬਤ ਹੋ ਰਹੀ ਹੈ ਅਤੇ ਮਾਫੀਆਂ ਰਾਜ ਕਾਬਜ਼ ਹੋ ਚੁੱਕਾ ਹੈ। ਟਾਇਮਟੇਬਲਾ ਵਿੱਚ ਪ੍ਰਾਈਵੇਟ ਦਾ ਬੋਲਬਾਲਾ ਹੈ ਅਤੇ 2 ਸਾਲ ਵਿੱਚ ਪੰਜਾਬ ਸਰਕਾਰ ਨੇ ਇੱਕ ਵੀ ਨਵੀਂ ਬੱਸ ਨਹੀਂ ਪਾਈ ,ਜਿਸ ਨਾਲ ਵਿਭਾਗ ਘਾਟੇ ਵੱਲ ਜਾ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਕੱਢੇ ਮੁਲਜ਼ਮਾਂ ਦੀ ਬਹਾਲੀ ਕੀਤੀ ਜਾਵੇ ਅਤੇ 5 ਫੀਸਦੀ ਤਨਖ਼ਾਹ ਦੇ ਵਾਧੇ ਦਾ ਵਾਅਦਾ ਪੂਰਾ ਕੀਤਾ ਜਾਵੇ |

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਯੂਨੀਅਨ ਨੂੰ 3 ਤੋਂ 4 ਵਾਰ ਮੀਟਿੰਗ ਦਾ ਸਮਾਂ ਦੇ ਚੁੱਕੇ ਹਨ, ਪਰ ਮੀਟਿੰਗ ਨਹੀਂ ਹੋਈ | 15 ਤੋਂ 16 ਮੀਟਿੰਗਾਂ ਅਸੀਂ ਵਿਭਾਗ ਦੇ ਅਧਿਕਾਰੀਆਂ ਤੇ ਸਟੇਟ ਟ੍ਰਾਂਸਪੋਰਟ ਸੈਕਟਰੀ ਤੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁਲਰ ਨਾਲ ਕਰ ਚੁੱਕੇ ਹਾਂ ਪਰ ਕੋਈ ਹੱਲ ਨਹੀਂ ਕੱਢਿਆ ਗਿਆ |

ਜੱਥੇਬੰਦੀ ਵੱਲੋਂ 14,15,16 ਅਗਸਤ ਨੂੰ ਹੜਤਾਲ ਕਰਕੇ 15 ਅਗਸਤ ਨੂੰ ਗੁਲਾਮੀ ਦਿਵਸ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਜਿਸ ਨੂੰ ਮੁੱਖ ਰੱਖਦੇ ਹੋਏ ਪਟਿਆਲਾ ਪ੍ਰਸ਼ਾਸਨ ਵੱਲੋ ਮੁੱਖ ਮੰਤਰੀ ਪੰਜਾਬ ਦੇ ਨਾਲ 25 ਅਗਸਤ ਦੀ ਮੀਟਿੰਗ ਤਹਿ ਕਰਵਾਈ ਗਈ ਸੀ ਪ੍ਰੰਤੂ ਮੌਕੇ ਤੇ ਮੀਟਿੰਗ ਮੁਲਤਵੀ ਕਰਕੇ 14 ਸਤੰਬਰ ਦੀ ਮੀਟਿੰਗ ਤਹਿ ਕੀਤੀ ਗਈ | ਯੂਨੀਅਨ ਨੂੰ ਉਮੀਦ ਹੈ ਕਿ 14 ਸਤੰਬਰ ਦੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਟਰਾਂਸਪੋਰਟ ਵਿਭਾਗ ਦੇ ਕੱਚੇ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕਰਨਗੇ । ਜੇਕਰ ਅਜਿਹਾ ਨਹੀਂ ਹੁੰਦਾ ਤਾਂ ਪਨਬਸ/ਪੀ.ਆਰ.ਟੀ.ਸੀ ਦਾ ਤੁਰੰਤ ਚੱਕਾ ਜਾਮ ਕਰਾਂਗੇ |