ਚੰਡੀਗੜ੍ਹ, 16 ਜੁਲਾਈ 2024: ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਨੈਸ਼ਨਲ ਹਾਈਵੇਜ਼ ਲਈ ਐਕੁਆਇਰ ਕੀਤੀਆਂ ਜ਼ਮੀਨਾਂ ਨੂੰ ਨਾ ਸੌਂਪਿਆ ਗਿਆ ਤਾਂ ਨੈਸ਼ਨਲ ਹਾਈਵੇਅ ਪ੍ਰਾਜੈਕਟ ਪੰਜਾਬ ਨੂੰ ਅਲਾਟ ਨਹੀਂ ਕੀਤੇ ਜਾਣਗੇ।
ਨਿਤਿਨ ਗਡਕਰੀ (Nitin Gadkari) ਨੇ ਇਹ ਚਿਤਾਵਨੀ ਪੰਜਾਬ ਵਿੱਚ ਨੈਸ਼ਨਲ ਹਾਈਵੇਅ ਪ੍ਰਾਜੈਕਟਾਂ ਸਬੰਧੀ ਦਿੱਲੀ ‘ਚ ਹੋਈ ਸਮੀਖਿਆ ਬੈਠਕ ਦੌਰਾਨ ਦਿੱਤੀ ਹੈ | ਉਨ੍ਹਾਂ ਕਿਹਾ ਕਿ ਜੇਕਰ ਪੂਰੇ ਭਾਰਤ ‘ਚ ਸੜਕਾਂ ਬਣਾਉਣ’ਚ ਕੋਈ ਅੜਿੱਕਾ ਨਹੀਂ ਹੈ ਤਾਂ ਪੰਜਾਬ ‘ਚ ਅੜਿੱਕੇ ਕਿਉਂ ਪੈਦਾ ਹੋ ਰਹੇ ਹਨ | ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਕੰਮ ਹਰਿਆਣਾ ‘ਚ ਪੂਰਾ ਹੋਣ ਵਾਲਾ ਹੈ, ਜਦੋਂ ਕਿ ਪੰਜਾਬ ‘ਚ ਕੇਂਦਰ ਸਰਕਾਰ ਨੂੰ ਇਸ ਪ੍ਰਾਜੈਕਟ ਦੇ ਕਈ ਹਿੱਸਿਆਂ ਦੀ ਜ਼ਮੀਨ ਦਾ ਕਬਜ਼ਾ ਵੀ ਨਹੀਂ ਮਿਲਿਆ।
ਜਿਕਰਯੋਗ ਹੈ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਜਨਵਰੀ ‘ਚ ਪੰਜਾਬ ‘ਚ 4000 ਕਰੋੜ ਰੁਪਏ ਦੇ 29 ਨੈਸ਼ਨਲ ਹਾਈਵੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਸੀ। ਇਨ੍ਹਾਂ ਪ੍ਰਾਜੈਕਟਾਂ ਵਿੱਚ ਜਲੰਧਰ-ਕਪੂਰਥਲਾ ਲਾਈਨ ਨੂੰ ਫੋਰ-ਲਾਈਨ, ਹੁਸ਼ਿਆਰਪੁਰ-ਫਗਵਾੜਾ ਰੋਡ ਨੂੰ ਚਾਰ-ਲਾਈਨ ਬਣਾਉਣ ਅਤੇ ਫਿਰੋਜ਼ਪੁਰ ਬਾਈਪਾਸ ਦੇ ਵਿਸਥਾਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ ।