ਅੰਮ੍ਰਿਤਸਰ, 12 ਫਰਵਰੀ 2024: ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਤੇ ਪੰਜਾਬ ਦੀਆਂ ਵੱਖ-ਵੱਖ 18 ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਨੂੰ ਦਿੱਲੀ (Delhi) ‘ਚ ਅੰਦੋਲਨ ਦੀ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਅੱਜ ਕਿਸਾਨ ਪੰਜਾਬ ਦੀ ਸਰਹੱਦਾਂ ‘ਤੇ ਪਹੁੰਚਣਗੇ | ਜਿਸ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਤੇ 18 ਕਿਸਾਨ ਜਥੇਬੰਦੀਆਂ ਦੇ ਕਿਸਾਨ ਆਗੂਆਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਅੰਦੋਲਨ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ|
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਦੇ ਆਗੂਆਂ ਨੇ ਕਿਹਾ ਕਿ ਉਹਨਾਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਕੀਤਾ ਜਾਣਾ ਹੈ ਅਤੇ ਅੱਜ ਉਹ ਆਪਣੇ ਪਿੰਡਾਂ ਤੋਂ ਕਾਫਲੇ ਲੈ ਕੇ ਪੰਜਾਬ ਦੀ ਸਰਹੱਦਾਂ ‘ਤੇ ਪਹੁੰਚਣਗੇ। ਇਸ ਮੋਰਚੇ ਦੀ ਚੜ੍ਹਦੀ ਕਲਾ ਦੇ ਲਈ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਨ ਪਹੁੰਚੇ ਹਨ। ਉਹਨਾਂ ਕਿਹਾ ਕਿ ਹਾਲਾਂਕਿ ਕੇਂਦਰ ਸਰਕਾਰ ਵੱਲੋਂ ਅੱਜ ਚੰਡੀਗੜ੍ਹ ਵਿਖੇ ਸਾਡੇ ਕਿਸਾਨ ਆਗੂਆਂ ਨਾਲ ਬੈਠਕ ਵੀ ਕੀਤੀ ਜਾਣੀ ਹੈ, ਜੇਕਰ ਉਸ ਬੈਠਕ ਦਾ ਕੋਈ ਸਿੱਟਾ ਨਿਕਲ ਕੇ ਸਾਹਮਣੇ ਨਹੀਂ ਆਇਆ ਤਾਂ ਫਿਰ ਕਿਸਾਨ ਕੱਲ੍ਹ ਨੂੰ ਦਿੱਲੀ ਨੂੰ ਕੂਚ ਕਰਨਗੇ |
ਉਹਨਾਂ ਨੇ ਕਿਹਾ ਕਿ ਹਰਿਆਣੇ ਵੱਲੋਂ ਵੱਡੀਆਂ ਰੋਕਾਂ ਲਗਾਈਆਂ ਗਈਆਂ ਹਨ, ਲੇਕਿਨ ਕਿਸਾਨ ਇਹਨਾਂ ਰੋਕਾਂ ਤੋਂ ਰੁਕਣ ਵਾਲੇ ਨਹੀਂ ਕਿਸਾਨ ਪਹਿਲਾਂ ਵੀ ਦਿੱਲੀ (Delhi) ਫਤਿਹ ਕਰਕੇ ਆਏ ਸਨ ਤਾਂ ਹੁਣ ਵੀ ਜਿੱਤ ਕੇ ਜ਼ਰੂਰ ਆਉਣਗੇ | ਉਹਨਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਦਿੱਲੀ ਜਾਣ ਲੱਗਿਆਂ ਰਸਤੇ ਕਿਸਾਨਾਂ ਨਾਲ ਕੋਈ ਘਟਨਾ ਵਾਪਰੀ ਤੇ ਉਸਦੀ ਜ਼ਿੰਮੇਵਾਰੀ ਸਿਰਫ ਕੇਂਦਰ ਸਰਕਾਰ ਹੀ ਹੋਵੇਗੀ।
ਜ਼ਿਕਰਯੋਗ ਹੈ ਕਿ ਕਿਸਾਨ ਇਸ ਤੋਂ ਪਹਿਲਾਂ 2020 ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਖੇਤੀ ਕਾਨੂੰਨਾਂ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੀ ਸਰਹੱਦਾਂ ‘ਤੇ ਜਾ ਕੇ ਬੈਠੇ ਸਨ ਤਾਂ ਉਸ ਦੌਰਾਨ 13 ਮਹੀਨੇ ਕਿਸਾਨਾਂ ਨੇ ਸੰਘਰਸ਼ ਕੀਤਾ ਸੀ ਲੇਕਿਨ ਉਸ ਦੌਰਾਨ ਕਈ ਮੰਗਾਂ ਕਿਸਾਨਾਂ ਦੀਆਂ ਮੰਨ ਲਈਆਂ ਗਈਆਂ ਸੀ ਅਤੇ ਕਈ ਲੰਬਿਤ ਰਹਿ ਗਈਆਂ ਸਨ ਅਤੇ ਹੁਣ ਲੰਬਿਤ ਮੰਗਾਂ ਨੂੰ ਮਨਵਾਉਣ ਦੇ ਲਈ ਕਿਸਾਨ ਜਥੇਬੰਦੀਆਂ ਇੱਕ ਵਾਰ ਫਿਰ ਤੋਂ ਦਿੱਲੀ ਦੇ ਬਾਰਡਰਾਂ ‘ਤੇ ਬੈਠ ਕੇ ਸੰਘਰਸ਼ ਕਰਨ ਲਈ ਤਿਆਰ ਹਨ ਅਤੇ ਉਹ 13 ਫਰਵਰੀ ਨੂੰ ਦਿੱਲੀ ਕੂਚ ਕਰਨਗੇ।