Anurag Thakur

ਜੇਕਰ ਨਵੀਆਂ ਮੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਹੋਰ ਸਮਾਂ ਵੀ ਚਾਹੀਦਾ ਹੈ: ਅਨੁਰਾਗ ਠਾਕੁਰ

ਚੰਡੀਗੜ੍ਹ, 14 ਫਰਵਰੀ, 2024: ਕਿਸਾਨਾਂ ਦੇ ਦਿੱਲੀ ਵੱਲ ਮਾਰਚ ਨੂੰ ਰੋਕਣ ਲਈ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਾਲੇ ਹੋਈ ਮੈਰਾਥਨ ਬੈਠਕ ਵਿੱਚ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਗਰੰਟੀ ਦਾ ਮੁੱਦਾ ਅਟਕ ਗਿਆ। ਦਿੱਲੀ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਕਿਸਾਨਾਂ ਦੇ ਅੰਦੋਲਨ ਬਾਰੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ (Anurag Thakur) ਨੇ ਕਿਹਾ ਕਿ ਨਵੀਆਂ ਮੰਗਾਂ ਅੱਗੇ ਰੱਖੀਆਂ ਗਈਆਂ ਹਨ, ਜਿਨ੍ਹਾਂ ‘ਤੇ ਸੂਬਿਆਂ ਨੂੰ ਚਰਚਾ ਕਰਨ ਲਈ ਸਮਾਂ ਚਾਹੀਦਾ ਹੈ। ਇਸ ਲਈ ਕਿਸਾਨ ਆਗੂਆਂ ਨੂੰ ਬੇਨਤੀ ਹੈ ਕਿ ਉਹ ਆ ਕੇ ਚਰਚਾ ਕਰਨ।

ਅਨੁਰਾਗ ਠਾਕੁਰ ਨੇ ਕਿਹਾ, ‘ਮੈਂ ਕਹਿਣਾ ਚਾਹਾਂਗਾ ਕਿ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ‘ਚ ਖੇਤੀਬਾੜੀ ਸੈਕਟਰ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਦੀ ਭਲਾਈ ਲਈ ਕਈ ਕਦਮ ਚੁੱਕੇ ਹਨ। ਜਦੋਂ ਉਨ੍ਹਾਂ ਨੇ ਆਪਣੀਆਂ ਮੰਗਾਂ ਰੱਖੀਆਂ ਤਾਂ ਸਰਕਾਰ ਨੇ ਆਪਣੇ ਸੀਨੀਅਰ ਆਗੂਆਂ ਨੂੰ ਭੇਜ ਕੇ ਗੱਲਬਾਤ ਜਾਰੀ ਰੱਖੀ। ਬੀਤੇ ਦਿਨੀਂ ਚੰਡੀਗੜ੍ਹ ਵਿਖੇ ਬੈਠਕ ਕੀਤੀ ਗਈ। ਇਸ ਦੌਰਾਨ ਕਿਸਾਨ ਆਗੂ ਉੱਠ ਕੇ ਉੱਥੋਂ ਚਲੇ ਗਏ, ਜਦੋਂਕਿ ਅਸੀਂ ਕਹਿੰਦੇ ਰਹੇ ਕਿ ਚਰਚਾ ਕਰਲੋ ।

ਉਨ੍ਹਾਂ (Anurag Thakur) ਨੇ ਕਿਹਾ, ‘ਆਖ਼ਰ ਅਜਿਹਾ ਕੀ ਹੋ ਗਿਆ ਹੈ ਕਿ ਨਵੀਆਂ ਮੰਗਾਂ ਕੀਤੀਆਂ ਜਾ ਰਹੀਆਂ ਹਨ? ਜੇਕਰ ਨਵੀਆਂ ਮੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਹੋਰ ਸਮਾਂ ਵੀ ਚਾਹੀਦਾ ਹੈ। ਸੂਬਿਆਂ ਨੂੰ ਚਰਚਾ ਲਈ ਸਮਾਂ ਚਾਹੀਦਾ ਹੈ, ਅਸੀਂ ਚਰਚਾ ਜਾਰੀ ਰੱਖਣ ਲਈ ਤਿਆਰ ਹਾਂ। ਕੇਂਦਰੀ ਮੰਤਰੀ ਨੇ ਕਿਹਾ, ਮੈਂ ਅੰਦੋਲਨਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਭੰਨ-ਤੋੜ, ਅੱਗਜ਼ਨੀ ਜਾਂ ਹਿੰਸਾ ਵਿੱਚ ਸ਼ਾਮਲ ਨਾ ਹੋਣ। ਮੈਂ ਕਿਸਾਨ ਆਗੂਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆ ਕੇ ਵਿਚਾਰ ਚਰਚਾ ਕਰਨ।

Scroll to Top