ACM Amar Preet Singh

25 ਫੀਸਦੀ ਤੋਂ ਵੱਧ ਅਗਨੀਵੀਰਾਂ ਨੂੰ ਪੱਕਾ ਕਰਨ ਪਿਆ, ਤਾਂ ਅਸੀ ਤਿਆਰ: ACM ਅਮਰ ਪ੍ਰੀਤ ਸਿੰਘ

ਚੰਡੀਗੜ੍ਹ, 04 ਅਕਤੂਬਰ 2024: ਭਾਰਤੀ ਹਵਾਈ ਫੌਜ ਦੇ ਨਵ-ਨਿਯੁਕਤ ਚੀਫ਼ ਏਅਰ ਚੀਫ਼ ਮਾਰਸ਼ਲ ਅਮਰ ਪ੍ਰੀਤ ਸਿੰਘ (ACM Amar Preet Singh) ਨੇ ਅੱਜ 92ਵੇਂ ਹਵਾਈ ਫੌਜ ਦਿਹਾੜੇ ਦੇ ਵਰ੍ਹੇਗੰਢ ਸਮਾਗਮ ‘ਤੇ ਇੱਕ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਅਜਿਹੀ ਦੁਨੀਆ ‘ਚ ਜਿੱਥੇ ਜੰਗ ਅਤੇ ਭਾਰਤੀ ਹਵਾਈ ਫੌਜ ਦਾ ਮਹੱਤਵ ਵਧ ਰਿਹਾ ਹੈ, ਉੱਥੇ ਹੀ ਭਾਰਤੀ ਫੌਜ ਆਪਣੀ ਰੱਖਿਆ ਪ੍ਰਣਾਲੀਆਂ ਅਤੇ ਸਮਰੱਥਾਵਾਂ ਨੂੰ ਮਜ਼ਬੂਤ ​​ਕਰਨ ਲਈ ਸਰਗਰਮੀ ਨਾਲ ਕਦਮ ਚੁੱਕ ਰਹੀ ਹੈ।

ਏਅਰ ਚੀਫ ਮਾਰਸ਼ਲ ਨੇ ਇਜ਼ਰਾਈਲ-ਇਰਾਨ ਸੰਘਰਸ਼ ਤੋਂ ਸਿੱਖੇ ਸਬਕ ਅਤੇ ਆਉਣ ਵਾਲੇ ਸਾਲਾਂ ‘ਚ ਭਾਰਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਭਾਰਤੀ ਹਵਾਈ ਫੌਜ ਦੀਆਂ ਆਉਣ ਵਾਲੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ ਹੈ ।

ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ (ACM Amar Preet Singh) ਨੇ ਕਿਹਾ ਹੈ ਕਿ ਪੂਰਬੀ ਲੱਦਾਖ ‘ਚ ਅਸਲ ਕੰਟਰੋਲ ਰੇਖਾ ‘ਤੇ ਕੋਈ ਬਦਲਾਅ ਨਹੀਂ ਹੋਇਆ ਹੈ। ਪਰ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਚੀਨ ਆਪਣੀ ਸਰਹੱਦ ‘ਤੇ ਬੁਨਿਆਦੀ ਢਾਂਚੇ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ ਅਤੇ ਸਾਡੇ ਸਾਹਮਣੇ ਚੁਣੌਤੀ ਦੁਸ਼ਮਣ ਦੀਆਂ ਤਿਆਰੀਆਂ ਦਾ ਮੁਕਾਬਲਾ ਕਰਨ ਦੀ ਹੈ ਅਤੇ ਅਸੀਂ ਆਪਣੇ ਬੁਨਿਆਦੀ ਢਾਂਚੇ ਅਤੇ ਹੋਰ ਤਰੀਕਿਆਂ ਨਾਲ ਅਜਿਹਾ ਕਰ ਰਹੇ ਹਾਂ।

ਉਨ੍ਹਾਂ ਕਿਹਾ ਕਿ ਪੂਰਬੀ ਲੱਦਾਖ ‘ਚ ਹੋਰ  ਅਤੇ ਨਵੇਂ ਏਅਰਬੇਸ ਬਣਾਏ ਜਾ ਰਹੇ ਹਨ। ਇਸ ਦੇ ਨਾਲ ਹੀ ਇਜ਼ਰਾਈਲ ਦੇ ਆਇਰਨ ਡੋਮ ਏਅਰ ਡਿਫੈਂਸ ਸਿਸਟਮ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਇਜ਼ਰਾਈਲ ਵਾਂਗ ਭਾਰਤ ‘ਤੇ ਵੀ ਮਿਜ਼ਾਈਲ ਹਮਲਾ ਹੁੰਦਾ ਹੈ ਤਾਂ ਭਾਰਤ ਸਾਰੀਆਂ ਮਿਜ਼ਾਈਲਾਂ ਨੂੰ ਰੋਕ ਨਹੀਂ ਸਕੇਗਾ, ਕਿਉਂਕਿ ਸਾਡਾ ਖੇਤਰ ਇਜ਼ਰਾਈਲ ਤੋਂ ਜ਼ਿਆਦਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਰੂਸ ਛੇਤੀ ਹੀ ਬਾਕੀ ਦੋ S400 ਏਅਰ ਡਿਫੈਂਸ ਸਿਸਟਮ ਪ੍ਰਦਾਨ ਕਰੇਗਾ।

ਉਨ੍ਹਾਂ ਕਿਹਾ ਕਿ ਸਾਨੂੰ ਰੂਸ ਤੋਂ ਤਿੰਨ S400 ਏਅਰ ਡਿਫੈਂਸ ਸਿਸਟਮ ਮਿਲੇ ਹਨ, ਜੋ ਕਾਰਜਸ਼ੀਲ ਹਨ ਅਤੇ ਬਾਕੀ ਦੋ S400 ਏਅਰ ਡਿਫੈਂਸ ਸਿਸਟਮ ਅਗਲੇ ਸਾਲ ਤੱਕ ਡਿਲੀਵਰ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਰੂਸ-ਯੂਕਰੇਨ ਜੰਗ ਕਾਰਨ ਉਨ੍ਹਾਂ ਦੀ ਡਿਲੀਵਰੀ ‘ਚ ਦੇਰੀ ਹੋ ਰਹੀ ਹੈ।

ਅਗਨੀਵੀਰਾਂ ਬਾਰੇ ਹਵਾਈ ਫੌਜ ਮੁਖੀ ਨੇ ਕਿਹਾ ਕਿ ਜੇਕਰ 25 ਫੀਸਦੀ ਤੋਂ ਵੱਧ ਅਗਨੀਵੀਰਾਂ ਨੂੰ ਪੱਕੇ ਕਰਨਾ ਪਿਆ ਤਾਂ ਅਸੀਂ ਇਸ ਲਈ ਤਿਆਰ ਹਾਂ, ਪਰ ਇਹ ਫੈਸਲਾ ਸਰਕਾਰ ਨੂੰ ਹੀ ਲੈਣਾ ਹੈ । ਉਨ੍ਹਾਂ ਅੱਗੇ ਕਿਹਾ ਕਿ ਸਾਡੇ ਤੋਂ ਕੋਈ ਸਿਫਾਰਸ਼ ਨਹੀਂ ਮੰਗੀ ਗਈ। ਹੁਣ ਤੱਕ ਅਗਨੀਵੀਰ ਵਾਯੂ ਦੀ ਫੀਡਬੈਕ ਬਹੁਤ ਵਧੀਆ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫੌਜ ਨਾ ਸਿਰਫ਼ ਸਾਜ਼ੋ-ਸਾਮਾਨ ‘ਤੇ ਧਿਆਨ ਦਿੰਦੀ ਹੈ, ਸਗੋਂ ਆਪਣੇ ਕਰਮਚਾਰੀਆਂ ਦੇ ਹੁਨਰ ਨੂੰ ਸੁਧਾਰਨ ‘ਤੇ ਵੀ ਧਿਆਨ ਕੇਂਦਰਤ ਕਰਦੀ ਹੈ।

ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ 2047 ਤੱਕ ਭਾਰਤ ‘ਚ ਸਮੁੱਚੀ ਹਵਾਈ ਫੌਜ ਦਾ ਵਿਕਾਸ ਅਤੇ ਉਤਪਾਦਨ ਕਰਨਾ ਹੈ, ਜਿਸ ‘ਚ ਡਰੋਨ ਅਤੇ ਹਵਾਈ ਰੱਖਿਆ ਪ੍ਰਣਾਲੀ ਵਰਗੀਆਂ ਸਵਦੇਸ਼ੀ ਤਕਨੀਕਾਂ ਨੂੰ ਵਿਕਸਤ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ।

Scroll to Top