Partap Singh Bajwa

ਜੇ ‘ਆਪ’ ਨੇ ਚੰਗਾ ਪ੍ਰਦਰਸ਼ਨ ਕੀਤਾ ਹੁੰਦਾ ਤਾਂ ਉਸ ਨੂੰ ਵੋਟਰਾਂ ਨੂੰ ਧਮਕਾਉਣ ਦੀ ਲੋੜ ਨਹੀਂ ਸੀ ਪੈਣੀ: ਪ੍ਰਤਾਪ ਸਿੰਘ ਬਾਜਵਾ

ਜਲੰਧਰ, 01 ਮਈ 2023: ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁਲਾਰੇ ਦਾ ਉਨ੍ਹਾਂ ਦੇ ਮੂਰਖਤਾਪੂਰਨ ਬਿਆਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੰਮ ਦੀ ਰਾਜਨੀਤੀ ਕਰ ਰਹੇ ਹਨ, ਦਾ ਮਜ਼ਾਕ ਉਡਾਇਆ। “ਜੇ ਪੰਜਾਬ ਦੀ ‘ਆਪ’ ਸਰਕਾਰ ਅਸਲ ਅਰਥਾਂ ਵਿੱਚ ਕੰਮ ਦੀ ਰਾਜਨੀਤੀ ਕਰ ਰਹੀ ਹੁੰਦੀ ਤਾਂ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਲੰਧਰ ਵਿੱਚ ਵੋਟਰਾਂ ਨੂੰ ਜਨਤਕ ਤੌਰ ‘ਤੇ ਧਮਕਾਉਣ ਦੀ ਲੋੜ ਨਾ ਪੈਂਦੀ। ਜੇ ‘ਆਪ’ ਨੇ ਪਿਛਲੇ 14 ਮਹੀਨਿਆਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੁੰਦਾ ਤਾਂ ‘ਆਪ’ ਨੂੰ ਵੋਟਾਂ ਪ੍ਰਾਪਤ ਕਰਨ ਲਈ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ‘ਤੇ ਦਬਾਅ ਨਾ ਪਾਉਣਾ ਪੈਂਦਾ।”

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ‘ਆਪ’ ਚੀਜ਼ਾਂ ਨੂੰ ਵਧਾ-ਝੜਾ ਦੇ ਪੇਸ਼ ਕਰਨ ਵਿੱਚ ਮਾਹਿਰ ਹੈ। ‘ਆਪ’ ਪੰਜਾਬ ਦੇ ਬੁਲਾਰੇ ਨੂੰ ਮੀਡੀਆ ਨੂੰ ਜ਼ਰੂਰ ਦੱਸਣਾ ਚਾਹੀਦਾ ਸੀ ਕਿ ਉਨ੍ਹਾਂ ਨੇ ਵੋਟਰਾਂ ਦਾ ਦਿਲ ਜਿੱਤਣ ਲਈ ਹੁਣ ਤੱਕ ਕੀ ਕੀਤਾ ਹੈ।”ਉਨ੍ਹਾਂ ਨੇ ਹੁਣ ਤੱਕ ਜੋ ਕੀਤਾ ਹੈ, ਉਹ ਦੂਜੇ ਸੂਬਿਆਂ ਵਿੱਚ ਪਾਰਟੀ ਦਾ ਵਿਸਥਾਰ ਕਰਨ ਲਈ ਝੂਠੇ ਪ੍ਰਚਾਰ ਵਿੱਚ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਹੈ। ਦਰਅਸਲ, ਉਨ੍ਹਾਂ ਨੇ ਸੂਬੇ ਦੀ ਤਰੱਕੀ ਨੂੰ ਪਿਛਲੇ ਗਿਅਰ ਵਿੱਚ ਪਾ ਦਿੱਤਾ ਹੈ। ਉਨ੍ਹਾਂ ਨੇ ਦਿੱਲੀ ਵਿੱਚ ਆਪਣੇ ਆਕਾਵਾਂ ਨੂੰ ਖ਼ੁਸ਼ ਕਰਨ ਲਈ ਪੰਜਾਬ ਵਿੱਚ ਦਿੱਲੀ ਦਾ ਇੱਕ ਅਸਫਲ ਸਿਹਤ ਅਤੇ ਸਿੱਖਿਆ ਮਾਡਲ ਲਾਗੂ ਕੀਤਾ। ‘ਆਪ’ ਸਰਕਾਰ ਦੀਆਂ ਪ੍ਰਤੀਕੂਲ ਨੀਤੀਆਂ ਕਾਰਨ ਉਦਯੋਗਪਤੀ ਯੂਪੀ ਵਰਗੇ ਸੂਬਿਆਂ ਵਿੱਚ ਚਲੇ ਗਏ ਹਨ,”, ਬਾਜਵਾ ਨੇ ਅੱਗੇ ਕਿਹਾ।

ਬਾਜਵਾ (Partap Singh Bajwa) ਨੇ ਇੱਕ ਬਿਆਨ ਵਿਚ ਕਿਹਾ ਕਿ ‘ਆਪ’ ਸਰਕਾਰ ਨੇ ਆਪਣੇ 14 ਮਹੀਨਿਆਂ ਦੇ ਕਾਰਜਕਾਲ ਵਿਚ ਵੱਖ-ਵੱਖ ਮੌਕਿਆਂ ‘ਤੇ ਕਿਸਾਨ ਭਾਈਚਾਰੇ ਨੂੰ ਫ਼ੇਲ੍ਹ ਕੀਤਾ ਹੈ। ‘ਆਪ’ ਸਰਕਾਰ ਨੇ ਜਾਣਬੁੱਝ ਕੇ ਦਲਿਤ ਭਾਈਚਾਰੇ ਨਾਲ ਸਬੰਧਿਤ ਪਰਿਵਾਰਾਂ ਦੇ ਨੀਲੇ ਕਾਰਡ ਰੱਦ ਕਰਵਾ ਦਿੱਤੇ ਤਾਂ ਜੋ ਉਨ੍ਹਾਂ ਨੂੰ ਸਬਸਿਡੀ ਵਾਲੇ ਰਾਸ਼ਨ ਤੋਂ ਵਾਂਝਾ ਰੱਖਿਆ ਜਾ ਸਕੇ।

“2022 ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਪੰਜਾਬ ਦੇ ਮੁੱਖ ਮੰਤਰੀ ਨੇ ਵੱਡੇ-ਵੱਡੇ ਵਾਅਦੇ ਕੀਤੇ ਸਨ ਕਿ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਉਹ ਇੱਕ ਨੀਵੀਂ ਅਤੇ ਸਰਲ ਜ਼ਿੰਦਗੀ ਬਤੀਤ ਕਰਨਗੇ। ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਆਪਣੇ ਹੋਰ ਪਰਿਵਾਰਿਕ ਮੈਂਬਰਾਂ ਨਾਲ ਲੋਕਾਂ ਵੱਲੋਂ ਦਿੱਤੇ ਗਏ ਟੈਕਸ ਦੇ ਪੈਸੇ ‘ਤੇ ਸ਼ਾਨਦਾਰ ਜੀਵਨ ਬਤੀਤ ਕਰ ਰਹੇ ਹਨ”, ਬਾਜਵਾ ਨੇ ਅੱਗੇ ਕਿਹਾ।

Scroll to Top