ਚੰਡੀਗੜ੍ਹ, 08 ਮਾਰਚ 2025: ਵਿਰੋਧੀ ਧਿਰ ਦੇ ਆਗੂ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ (Rahul Gandhi) ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ‘ਚ ਪਾਰਟੀ ਵਰਕਰਾਂ ਅਤੇ ਅਧਿਕਾਰੀਆਂ ਨੂੰ ਸੰਬੋਧਨ ਕੀਤਾ | ਦਰਅਸਲ ਕਾਂਗਰਸ ਪਾਰਟੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦੀ ਤਿਆਰੀ ‘ਚ ਰੁੱਝੇ ਹੋਏ ਹਨ। ਇਸ ਦੌਰਾਨ ਰਾਹੁਲ ਗਾਂਧੀ ਨੇ ਕਈ ਹੈਰਾਨ ਕਰਨ ਵਾਲੀਆਂ ਟਿੱਪਣੀਆਂ ਕੀਤੀਆਂ ਅਤੇ ਆਪਣੀ ਪਾਰਟੀ ਨੂੰ ਸ਼ੀਸ਼ਾ ਦਿਖਾਇਆ ਹੈ।
ਰਾਹੁਲ ਗਾਂਧੀ (Rahul Gandhi) ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਨੂੰ 30-40 ਜਣਿਆਂ ਨੂੰ ਵੀ ਕੱਢਣਾ ਪਵੇ, ਤਾਂ ਵੀ ਅਜਿਹਾ ਕਰਨ ‘ਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ। ਕਾਂਗਰਸ ਸੰਸਦ ਮੈਂਬਰ ਰਾਹੁਲ ਨੇ ਕਿਹਾ ਕਿ ਕਾਂਗਰਸ ਪਾਰਟੀ ‘ਚ ਬਹੁਤ ਸਾਰੇ ਬੱਬਰ ਸ਼ੇਰ ਹਨ। ਪਰ ਪਾਰਟੀ ‘ਚ ਦੋ ਧੜੇ ਹਨ। ਇੱਕ ਜਨਤਾ ਦੇ ਨਾਲ ਹੈ, ਜਦੋਂ ਕਿ ਦੂਜਾ ਜਨਤਾ ਤੋਂ ਦੂਰ ਹੈ।
ਗੁਜਰਾਤ ਪ੍ਰਦੇਸ਼ ਕਾਂਗਰਸ ਨੂੰ ਆੜੇ ਹੱਥੀਂ ਲੈਂਦੇ ਹੋਏ ਰਾਹੁਲ ਨੇ ਕਿਹਾ, ‘ਉਨ੍ਹਾਂ ਨੂੰ ਇਹ ਸਵੀਕਾਰ ਕਰਨ ‘ਚ ਕੋਈ ਦਿੱਕਤ ਨਹੀਂ ਹੈ ਕਿ ਗੁਜਰਾਤ ਪ੍ਰਦੇਸ਼ ਕਾਂਗਰਸ ਦੇ ਆਗੂ ਦਿਸ਼ਾ ਦਿਖਾਉਣ ‘ਚ ਅਸਫਲ ਰਹੇ ਹਨ।’ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਅਹਿਮਦਾਬਾਦ ‘ਚ ‘ਵਰਕਰਜ਼ ਕਾਨਫਰੰਸ’ ‘ਚ ਮਹਿਲਾ ਵਰਕਰਾਂ ਨਾਲ ਮਿਲੇ ਅਤੇ ਉਨ੍ਹਾਂ ਨੂੰ ਮਹਿਲਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਰਾਹੁਲ ਨੇ ਕਿਹਾ, ‘ਕੱਲ੍ਹ ਮੈਂ ਸੀਨੀਅਰ ਆਗੂਆਂ, ਜ਼ਿਲ੍ਹਾ ਅਤੇ ਬਲਾਕ ਪ੍ਰਧਾਨਾਂ ਨੂੰ ਮਿਲਿਆ।’ ਰਾਹੁਲ ਗਾਂਧੀ ਦੇ ਅਨੁਸਾਰ, ‘ਮੇਰਾ ਉਦੇਸ਼ ਤੁਹਾਡੇ ਦਿਲ ‘ਚ ਕੀ ਹੈ, ਇਹ ਜਾਣਨਾ ਅਤੇ ਸਮਝਣਾ ਸੀ।’ ਇਸ ਗੱਲਬਾਤ ਵਿੱਚ ਸੰਗਠਨ, ਗੁਜਰਾਤ ਦੀ ਰਾਜਨੀਤੀ ਅਤੇ ਇੱਥੋਂ ਦੀ ਸਰਕਾਰ ਦੇ ਕੰਮਕਾਜ ਨਾਲ ਜੁੜੀਆਂ ਕਈ ਗੱਲਾਂ ਸਾਹਮਣੇ ਆਈਆਂ। ਪਰ ਮੈਂ ਇੱਥੇ ਸਿਰਫ਼ ਕਾਂਗਰਸ ਪਾਰਟੀ ਲਈ ਨਹੀਂ ਆਇਆ ਹਾਂ, ਸਗੋਂ ਸੂਬੇ ਦੇ ਨੌਜਵਾਨਾਂ, ਕਿਸਾਨਾਂ, ਔਰਤਾਂ ਅਤੇ ਛੋਟੇ ਕਾਰੋਬਾਰੀਆਂ ਲਈ ਆਇਆ ਹਾਂ।
ਰਾਹੁਲ ਗਾਂਧੀ ਨੇ ਕਿਹਾ ਕਿ ਗੁਜਰਾਤ ‘ਚ ਕਾਂਗਰਸ ਸੰਗਠਨਾਂ ‘ਚ ਕਈ ਤਰ੍ਹਾਂ ਦੀਆਂ ਵੰਡੀਆਂ ਹਨ। ਉਨ੍ਹਾਂ ਕਿਹਾ ਕਿ ‘ਜੋ ਜਨਤਾ ਦਾ ਸਤਿਕਾਰ ਕਰਦਾ ਹੈ, ਜਨਤਕ ਮੁੱਦਿਆਂ ਲਈ ਆਵਾਜ਼ ਬੁਲੰਦ ਕਰਦਾ ਹੈ, ਉਸ ਦੇ ਦਿਲ ‘ਚ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਹੁੰਦੀ ਹੈ।’ ਦੂਜਾ ਸਮੂਹ ਜਨਤਾ ਦਾ ਸਤਿਕਾਰ ਨਹੀਂ ਕਰਦਾ। ਇਸ ਦੇ ਲੋਕ ਭਾਜਪਾ ਨਾਲ ਜੁੜੇ ਹੋਏ ਹਨ। ਜਿਵੇਂ ਹੀ ਰਾਹੁਲ ਨੇ ਇਹ ਕਿਹਾ, ਪਾਰਟੀ ਆਗੂਆਂ ਅਤੇ ਵਰਕਰਾਂ ਨੇ ਉਨ੍ਹਾਂ ਦਾ ਉਤਸ਼ਾਹ ਨਾਲ ਹੌਸਲਾ ਵਧਾਇਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਨ੍ਹਾਂ ਦੋ ਤਰ੍ਹਾਂ ਦੇ ਪਾਰਟੀ ਆਗੂਆਂ ਨੂੰ ਵੱਖ ਨਹੀਂ ਕੀਤਾ ਜਾਂਦਾ, ਇੱਥੋਂ ਦੇ ਲੋਕ ਕਾਂਗਰਸ ‘ਤੇ ਭਰੋਸਾ ਨਹੀਂ ਕਰ ਸਕਦੇ।
Read More: ਰਾਹੁਲ ਗਾਂਧੀ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ‘ਚ ਧਾਂਦਲੀ ਦੇ ਲਾਏ ਦੋਸ਼, ਚੋਣ ਕਮਿਸ਼ਨ ਨੇ ਦਿੱਤਾ ਜਵਾਬ