ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਅਗਸਤ, 2023: ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਵੱਲੋੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਇੱਕ ਟਰਾਂਸਜੈਂਡਰ ਨੂੰ ਉਸਦੇ ਟਰਾਂਸਜੈਂਡਰ (Transgender) ਹੋਣ ਦੀ ਪਛਾਣ ਵੱਜੋੋਂ ਇੱਕ ਸ਼ਨਾਖਤੀ ਕਾਰਡ ਅਤੇ ਸਰਟੀਫਕੇਟ ਸੌਂਪਿਆ ਗਿਆ, ਇਸ ਮੌੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਰਵਿੰਦਰ ਸਿੰਘ ਰਾਹੀ ਵੀ ਮੌੌਜੂਦ ਸਨ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵੱਲੋੋਂ ਦੱਸਿਆ ਗਿਆ ਕਿ ਟਰਾਂਸਜੈਂਡਰ ਵਿਅਕਤੀ (ਅਧਿਕਾਰਾਂ ਦੀ ਰੱਖਿਆ), ਐਕਟ 2019 ਅਧੀਨ ਕੋਈ ਵੀ ਟਰਾਂਸਜੈਂਡਰ ਵਿਅਕਤੀ ਭਾਰਤ ਸਰਕਾਰ ਦੇ ਵੈਬ ਪੋੋਰਟਲ http://transgender.dosje.gov.in/ ( National Portal for Transgender Persons) ਤੇ ਜਾ ਕੇ ਆਪਣਾ ਸ਼ਨਾਖਤੀ ਕਾਰਡ ਅਤੇ ਸਰਟੀਫਿਕੇਟ ਹਾਸਲ ਕਰਨ ਲਈ ਆਨਲਾਈਨ ਅਪਲਾਈ ਕਰ ਸਕਦਾ ਹੈ।
ਇਹ ਸ਼ਨਾਖਤੀ ਕਾਰਡ ਟਰਾਂਸਜੈਂਡਰ (Transgender) ਵਿਅਕਤੀ ਵੱਲੋਂ ਦਿੱਤੀ ਗਈ ਪ੍ਰਤੀ ਬੇਨਤੀ, ਨਿਰਧਾਰਤ ਪ੍ਰੋਫਾਰਮੇ ਵਿੱਚ ਹਲਫੀਆ ਬਿਆਨ ਅਤੇ ਮਨੋਵਿਗਿਆਨੀ ਦੀ ਰਿਪੋਰਟ ਦੇ ਅਧਾਰ ਉੱਤੇ ਬਿਨਾਂ ਕਿਸੇ ਡਾਕਟਰੀ ਜਾਂਚ ਤੋੋਂ ਜਾਰੀ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ ਦੂਸਰਾ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ, ਇਸ ਤੋਂ ਪਹਿਲਾਂ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਜ਼ਿਲ੍ਹੇ ਦਾ ਪਹਿਲਾ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ।
ਉਨ੍ਹਾਂ ਇਹ ਵੀ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਇਨ੍ਹਾਂ ਵਿਅਕਤੀਆਂ ਦੀ ਭਲਾਈ ਲਈ ਬਣਾਏ ਗਏ ਐਕਟ ਵਿੱਚ ਦਰਜ ਉਪਬੰਧਾਂ ਨੂੰ ਇੰਨ ਬਿੰਨ ਲਾਗੂ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਟਰਾਂਸਜੈਂਡਰ ਵਿਅਕਤੀਆਂ ਨੂੰ ਵੀ ਆਮ ਨਾਗਰਿਕਾਂ ਦੀ ਤਰਾਂ ਆਪਣਾ ਜੀਵਨ ਜੀਣ ਦਾ ਅਧਿਕਾਰ ਹੈ ਅਤੇ ਇਹ ਐਕਟ ਸਮਾਜ ਦੇ ਹਰ ਖੇਤਰ ਵਿੱਚ ਟਰਾਂਜੈਂਡਰ ਵਿਅਕਤੀਆਂ ਦੀ ਭਾਗੀਦਾਰੀ ਯਕੀਨੀ ਬਣਾਉਦਾ ਹੈ ਅਤੇ ਇਨ੍ਹਾਂ ਵਿਅਕਤੀਆਂ ਨੂੰ ਬਿਨ੍ਹਾਂ ਕੇਸ ਭੇਦਭਾਵ ਰੋੋਜ਼ਗਾਰ ਕਰਨ ਦੀ ਖੁੱਲ੍ਹ ਦਿੰਦਾ ਹੈ।
ਇਨ੍ਹਾਂ ਵਿਅਕਤੀਆਂ ਨੂੰ ਉਨ੍ਹਾਂ ਦੇ ਲਿੰਗ ਭੇਦ ਦੇ ਅਧਾਰ ਤੇ ਉਨ੍ਹਾਂ ਦੀ ਰਿਹਾਇਸ਼, ਪਿੰਡ ਅਤੇ ਇਲਾਕਾ ਛੱਡਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਟਰਾਂਸਜੈਂਡਰ ਵਿਅਕਤੀਆਂ ਦੀਆਂ ਮੁਸ਼ਕਿਲਾਂ ਨੁੰ ਵਿਚਾਰਨ ਅਤੇ ਸ਼ਿਕਾਇਤਾਂ ਦੇ ਨਿਵਾਰਣ ਲਈ ਜਿਲ੍ਹਾ ਪੱਧਰੀ ਸੈਲ ਦਾ ਗਠਨ ਵੀ ਜਲਦੀ ਕੀਤਾ ਜਾ ਰਿਹਾ ਹੈ।