July 2, 2024 11:19 pm
Shubman Gill

ICC WC 2023: 14 ਅਕਤੂਬਰ ਨੂੰ ਪਾਕਿਸਤਾਨ ਖ਼ਿਲਾਫ਼ ਖੇਡ ਸਕਦੇ ਹਨ ਸ਼ੁਭਮਨ ਗਿੱਲ, ਚੇਨਈ ਤੋਂ ਅਹਿਮਦਾਬਾਦ ਲਈ ਹੋਣਗੇ ਰਵਾਨਾ

ਚੰਡੀਗੜ੍ਹ, 11 ਸਤੰਬਰ 2023: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਹੋਣ ਵਾਲੇ ਮੈਚ ਤੋਂ ਪਹਿਲਾਂ ਭਾਰਤੀ ਟੀਮ ਲਈ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤ ਦੇ ਸਟਾਰ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (Shubman Gill) ਅੱਜ ਚੇਨਈ ਤੋਂ ਅਹਿਮਦਾਬਾਦ ਲਈ ਰਵਾਨਾ ਹੋਣਗੇ। ਉਸ ਦੀ ਸਿਹਤਯਾਬੀ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਜਾਰੀ ਰਹੇਗੀ ਅਤੇ ਉਹ ਪਾਕਿਸਤਾਨ ਖ਼ਿਲਾਫ਼ ਮੈਚ ਵਿੱਚ ਖੇਡ ਸਕਦਾ ਹੈ।

ਸ਼ੁਭਮਨ ਗਿੱਲ ਡੇਂਗੂ ਤੋਂ ਪੀੜਤ ਸਨ ਅਤੇ ਆਸਟਰੇਲੀਆ ਖ਼ਿਲਾਫ਼ ਮੈਚ ਨਹੀਂ ਖੇਡੇ ਸਨ। ਇਸ ਤੋਂ ਬਾਅਦ ਗਿੱਲ ਇਲਾਜ ਲਈ ਚੇਨਈ ‘ਚ ਰਹੇ ਅਤੇ ਬਾਕੀ ਟੀਮ ਅਫਗਾਨਿਸਤਾਨ ਖ਼ਿਲਾਫ਼ ਮੈਚ ਲਈ ਦਿੱਲੀ ਰਵਾਨਾ ਹੋ ਗਈ ਹੈ । ਹੁਣ ਗਿੱਲ ਅਹਿਮਦਾਬਾਦ ਵਿੱਚ ਭਾਰਤੀ ਟੀਮ ਨਾਲ ਜੁੜਨਗੇ। ਇੱਥੇ ਭਾਰਤ ਨੇ 14 ਅਕਤੂਬਰ ਨੂੰ ਪਾਕਿਸਤਾਨ ਖ਼ਿਲਾਫ਼ ਖੇਡਣਾ ਹੈ।

ਬੀਸੀਸੀਆਈ ਵੱਲੋਂ ਗਿੱਲ ਦੀ ਸਿਹਤ ਨੂੰ ਲੈ ਕੇ ਕੋਈ ਅਪਡੇਟ ਨਹੀਂ ਦਿੱਤੀ ਗਈ ਹੈ। ਹਾਲਾਂਕਿ, ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਗਿੱਲ ਅੱਜ ਅਹਿਮਦਾਬਾਦ ਪਹੁੰਚਣਗੇ ਅਤੇ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਨਿਗਰਾਨੀ ਵਿੱਚ ਉਨ੍ਹਾਂ ਦੀ ਸਿਹਤਯਾਬੀ ਜਾਰੀ ਰਹੇਗੀ। ਅਜਿਹੇ ‘ਚ ਉਸ ਦੇ ਪਾਕਿਸਤਾਨ ਖ਼ਿਲਾਫ਼ ਮੈਚ ‘ਚ ਖੇਡਣ ਦੀ ਸੰਭਾਵਨਾ ਹੈ।

ਸ਼ੁਭਮਨ ਗਿੱਲ (Shubman Gi)  ਡੇਂਗੂ ਤੋਂ ਪੀੜਤ ਸਨ ਅਤੇ ਉਨ੍ਹਾਂ ਦੇ ਸਰੀਰ ਵਿੱਚ ਪਲੇਟਲੈਟਸ ਦੀ ਗਿਣਤੀ ਇੱਕ ਲੱਖ ਤੋਂ ਘੱਟ ਹੋਣ ਕਾਰਨ ਸਾਵਧਾਨੀ ਦੇ ਤੌਰ ‘ਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ, ਉਨ੍ਹਾਂ ਨੂੰ ਸਿਰਫ ਇਕ ਰਾਤ ਰਹਿਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਹੁਣ ਗਿੱਲ ਲਈ ਵੱਡੀ ਚੁਣੌਤੀ ਮੈਚ ਫਿੱਟ ਰਹਿਣ ਦੀ ਹੋਵੇਗੀ। ਅਹਿਮਦਾਬਾਦ ਦੀ ਗਰਮੀ ਵਿੱਚ ਵਨਡੇ ਮੈਚ ਖੇਡਣ ਲਈ ਚੰਗੀ ਫਿਟਨੈਸ ਦੀ ਲੋੜ ਹੁੰਦੀ ਹੈ। ਫਿਟਨੈੱਸ ਘੱਟ ਹੋਣ ਕਾਰਨ ਗਿੱਲ ਨੂੰ ਲੰਬੀ ਪਾਰੀ ਖੇਡਣਾ ਮੁਸ਼ਕਿਲ ਹੋਵੇਗਾ।

ਸ਼ੁਭਮਨ ਗਿੱਲ ਇਸ ਸਾਲ ਭਾਰਤ ਲਈ ਵਨਡੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਨੇ 20 ਪਾਰੀਆਂ ‘ਚ 1230 ਦੌੜਾਂ ਬਣਾਈਆਂ ਹਨ। ਗਿੱਲ ਦੀ ਔਸਤ 72.35 ਅਤੇ ਸਟ੍ਰਾਈਕ ਰੇਟ 105.03 ਹੈ। ਉਸ ਨੇ ਇਸ ਸਾਲ ਵਨਡੇ ‘ਚ ਦੋਹਰਾ ਸੈਂਕੜਾ ਵੀ ਲਗਾਇਆ ਹੈ। ਸ਼ੁਭਮਨ ਗਿੱਲ ਵਿਸ਼ਵ ਕੱਪ ਵਿੱਚ ਭਾਰਤ ਲਈ ਬਹੁਤ ਮਹੱਤਵਪੂਰਨ ਬੱਲੇਬਾਜ਼ ਹਨ। ਭਾਰਤੀ ਟੀਮ ਲਈ ਫਿੱਟ ਪਰਤਣਾ ਬਹੁਤ ਜ਼ਰੂਰੀ ਹੈ। ਅਹਿਮਦਾਬਾਦ ਦੇ ਮੈਦਾਨ ਵਿੱਚ ਗਿੱਲ ਦਾ ਰਿਕਾਰਡ ਸ਼ਾਨਦਾਰ ਹੈ। ਅਜਿਹੇ ‘ਚ ਟੀਮ ‘ਚ ਉਸ ਦੀ ਵਾਪਸੀ ਭਾਰਤ ਲਈ ਕਾਫੀ ਸੁਖਦ ਪਹਿਲੂ ਹੋਵੇਗੀ।