July 2, 2024 9:08 pm
ICC Test Rankings

ICC Test Rankings: ਰੈਂਕਿੰਗ ‘ਚ ਟਾਪ-3 ‘ਤੇ ਆਸਟ੍ਰੇਲੀਆ ਦੇ ਬੱਲੇਬਾਜ਼, ਬਤੌਰ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਦੀ ਬਾਦਸ਼ਾਹਤ ਬਰਕਰਾਰ

ਚੰਡੀਗੜ੍ਹ, 14 ਜੂਨ 2023: (ICC Test Rankings) ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਬਾਅਦ ਆਈਸੀਸੀ ਨੇ ਟੈਸਟ ਵਿੱਚ ਖਿਡਾਰੀਆਂ ਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ ਹੈ। ਭਾਰਤ ਦੇ ਬੱਲੇਬਾਜ਼ ਅਜਿੰਕਿਆ ਰਹਾਣੇ ਨੂੰ ਬੁੱਧਵਾਰ (14 ਜੂਨ) ਨੂੰ ਜਾਰੀ ਕੀਤੀ ਰੈਂਕਿੰਗ ‘ਚ ਕਾਫੀ ਫਾਇਦਾ ਮਿਲਿਆ ਹੈ । ਫਾਈਨਲ ‘ਚ 89 ਅਤੇ 46 ਦੌੜਾਂ ਬਣਾਉਣ ਵਾਲੇ ਰਹਾਣੇ 37ਵੇਂ ਸਥਾਨ ‘ਤੇ ਪਹੁੰਚ ਗਏ ਹਨ। ਇਸ ਭਾਰਤੀ ਬੱਲੇਬਾਜ਼ ਦੀ 16 ਮਹੀਨਿਆਂ ਬਾਅਦ ਟੈਸਟ ਟੀਮ ‘ਚ ਵਾਪਸੀ ਹੋਈ ਹੈ। ਉਨ੍ਹਾਂ ਨੇ ਫਾਈਨਲ ਵਿੱਚ ਚੰਗੀ ਬੱਲੇਬਾਜ਼ੀ ਕੀਤੀ, ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ।

ਬੱਲੇਬਾਜ਼ਾਂ ਦੀ ਦਰਜਾਬੰਦੀ ਵਿੱਚ ਚੋਟੀ ਦੇ ਤਿੰਨਾਂ ’ਤੇ ਆਸਟਰੇਲੀਆਈ ਖਿਡਾਰੀਆਂ ਦਾ ਕਬਜ਼ਾ ਹੈ। ਮਾਰਨਸ ਲਾਬੂਸਚੇਨ ਪਹਿਲੇ, ਸਟੀਵ ਸਮਿਥ ਦੂਜੇ ਅਤੇ ਟ੍ਰੈਵਿਸ ਹੈੱਡ ਤੀਜੇ ਸਥਾਨ ‘ਤੇ ਹਨ। 1984 ਤੋਂ ਬਾਅਦ ਇੱਕੋ ਦੇਸ਼ ਦੇ ਤਿੰਨ ਖਿਡਾਰੀ ਟਾਪ-3 ਵਿੱਚ ਹਨ। ਫਿਰ ਵੈਸਟਇੰਡੀਜ਼ ਦੇ ਗੋਰਡਨ ਗ੍ਰੀਨਿਜ ਪਹਿਲੇ, ਕਲਾਈਵ ਲੋਇਡ ਦੂਜੇ ਅਤੇ ਲੈਰੀ ਗੋਮੇਜ਼ ਤੀਜੇ ਸਥਾਨ ‘ਤੇ ਰਹੇ।

ਰਹਾਣੇ ਤੋਂ ਇਲਾਵਾ ਸ਼ਾਰਦੁਲ ਠਾਕੁਰ ਨੂੰ ਵੀ ਰੈਂਕਿੰਗ ‘ਚ ਫਾਇਦਾ ਹੋਇਆ ਹੈ। ਸ਼ਾਰਦੁਲ ਨੇ ਫਾਈਨਲ ‘ਚ ਅਰਧ ਸੈਂਕੜਾ ਲਗਾਇਆ ਸੀ। ਉਹ ਹੁਣ ਬੱਲੇਬਾਜ਼ਾਂ ਦੀ ਰੈਂਕਿੰਗ ‘ਚ 94ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਦੂਜੇ ਪਾਸੇ ਰਵੀਚੰਦਰਨ ਅਸ਼ਵਿਨ ਫਾਈਨਲ ‘ਚ ਨਾ ਖੇਡਣ ਦੇ ਬਾਵਜੂਦ ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਪਹਿਲੇ ਨੰਬਰ ‘ਤੇ ਬਰਕਰਾਰ ਹੈ।

ਕਾਰ ਦੁਰਘਟਨਾ ਤੋਂ ਬਾਅਦ ਵਾਪਸੀ ਕਰਨ ਲਈ ਨੈਸ਼ਨਲ ਕ੍ਰਿਕਟ ਅਕੈਡਮੀ (ਐਨਸੀਏ) ਵਿੱਚ ਪਸੀਨਾ ਵਹਾਉਣ ਵਾਲੇ ਰਿਸ਼ਭ ਪੰਤ ਸਿਖਰ-10 ਵਿੱਚ ਸ਼ਾਮਲ ਇਕਲੌਤਾ ਭਾਰਤੀ ਬੱਲੇਬਾਜ਼ ਹੈ। ਉਹ 10ਵੇਂ ਸਥਾਨ ‘ਤੇ ਹੈ। ਕਪਤਾਨ ਰੋਹਿਤ ਸ਼ਰਮਾ 12ਵੇਂ ਅਤੇ ਵਿਰਾਟ ਕੋਹਲੀ 13ਵੇਂ ਨੰਬਰ ‘ਤੇ ਹਨ। ਜ਼ਖਮੀ ਜਸਪ੍ਰੀਤ ਬੁਮਰਾਹ ਦੋ ਸਥਾਨ ਹੇਠਾਂ ਅੱਠਵੇਂ ਸਥਾਨ ‘ਤੇ ਆ ਗਿਆ ਹੈ। ਬੁਮਰਾਹ ਨੇ ਆਖਰੀ ਵਾਰ ਜੁਲਾਈ 2022 ‘ਚ ਟੈਸਟ ਮੈਚ ਖੇਡਿਆ ਸੀ।