ਸਪੋਰਟਸ, 16 ਜੁਲਾਈ, 2025: ICC Test Ranking: ਇੰਗਲੈਂਡ ਦੇ ਤਜਰਬੇਕਾਰ ਬੱਲੇਬਾਜ਼ ਜੋ ਰੂਟ ਇੱਕ ਵਾਰ ਫਿਰ ਤੋਂ ਨੰਬਰ ਇੱਕ ਟੈਸਟ ਬੱਲੇਬਾਜ਼ ਬਣ ਗਏ ਹਨ। ਬੁੱਧਵਾਰ ਨੂੰ ਆਈਸੀਸੀ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਰੈਂਕਿੰਗ ‘ਚ ਰੂਟ (Joe Root) ਨੇ ਇੱਕ ਹਫ਼ਤੇ ਦੇ ਅੰਦਰ ਹੀ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਦੂਜੇ ਪਾਸੇ, ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਵੀ ਬੱਲੇਬਾਜ਼ਾਂ ਦੀ ਤਾਜ਼ਾ ਰੈਂਕਿੰਗ ‘ਚ 34ਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਰੂਟ ਨੂੰ ਲਾਰਡਜ਼ ‘ਚ ਭਾਰਤ ਵਿਰੁੱਧ ਖੇਡੇ ਤੀਜੇ ਟੈਸਟ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਦਾ ਫਾਇਦਾ ਹੋਇਆ ਹੈ। ਗੇਂਦਬਾਜ਼ਾਂ ‘ਚ ਭਾਰਤ ਦਾ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸਿਖਰ ‘ਤੇ ਬਣਿਆ ਹੋਇਆ ਹੈ ਅਤੇ ਦੱਖਣੀ ਅਫਰੀਕਾ ਦੇ ਕਾਗਿਸੋ ਰਬਾਡਾ ‘ਤੇ 50 ਅੰਕਾਂ ਦੀ ਬੜ੍ਹਤ ਰੱਖਦਾ ਹੈ।
ਰੂਟ (Joe Root) ਨੇ ਲਾਰਡਜ਼ ਟੈਸਟ ਮੈਚ ‘ਚ 104 ਅਤੇ 40 ਦੌੜਾਂ ਬਣਾਈਆਂ, ਜਿਸ ਕਾਰਨ ਇੰਗਲੈਂਡ ਇਹ ਮੈਚ 22 ਦੌੜਾਂ ਨਾਲ ਜਿੱਤਣ ਵਿੱਚ ਕਾਮਯਾਬ ਰਿਹਾ। 34 ਸਾਲ ਦੀ ਉਮਰ ‘ਚ, ਰੂਟ 2014 ‘ਚ ਕੁਮਾਰ ਸੰਗਾਕਾਰਾ ਤੋਂ ਬਾਅਦ ਟੈਸਟ ਰੈਂਕਿੰਗ ‘ਚ ਸਿਖਰ ‘ਤੇ ਪਹੁੰਚਣ ਵਾਲਾ ਸਭ ਤੋਂ ਵੱਧ ਉਮਰ ਦਾ ਖਿਡਾਰੀ ਬਣ ਗਿਆ ਹੈ। ਜਦੋਂ ਸੰਗਾਕਾਰਾ 2014 ‘ਚ ਚੋਟੀ ਦੇ ਟੈਸਟ ਬੱਲੇਬਾਜ਼ ਬਣਿਆ ਸੀ, ਤਾਂ ਉਹ 37 ਸਾਲ ਦਾ ਸੀ। ਰੂਟ ਨੇ ਪਿਛਲੇ ਹਫ਼ਤੇ ਆਪਣਾ ਸਿਖਰਲਾ ਸਥਾਨ ਹਮਵਤਨ ਹੈਰੀ ਬਰੂਕ ਤੋਂ ਗੁਆ ਦਿੱਤਾ ਸੀ, ਜੋ ਹੁਣ ਤੀਜੇ ਸਥਾਨ ‘ਤੇ ਖਿਸਕ ਗਿਆ ਹੈ।
ਦੂਜੇ ਪਾਸੇ ਭਾਰਤੀ ਬੱਲੇਬਾਜ਼ਾਂ ‘ਚ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਅਤੇ ਉਪ-ਕਪਤਾਨ ਰਿਸ਼ਭ ਪੰਤ ਨੂੰ ਨੁਕਸਾਨ ਝੱਲਣਾ ਪਿਆ ਹੈ ਅਤੇ ਉਹ ਕ੍ਰਮਵਾਰ ਪੰਜਵੇਂ ਅਤੇ ਅੱਠਵੇਂ ਸਥਾਨ ‘ਤੇ ਖਿਸਕ ਗਏ ਹਨ। ਇਸ ਦੇ ਨਾਲ ਹੀ ਕਪਤਾਨ ਸ਼ੁਭਮਨ ਗਿੱਲ ਵੀ ਤਿੰਨ ਸਥਾਨ ਹੇਠਾਂ ਨੌਵੇਂ ਸਥਾਨ ‘ਤੇ ਆ ਗਿਆ ਹੈ। ਹਾਲਾਂਕਿ, ਜਡੇਜਾ ਨੂੰ ਲਾਰਡਜ਼ ਟੈਸਟ ‘ਚ ਚੰਗੀ ਬੱਲੇਬਾਜ਼ੀ ਦਾ ਫਾਇਦਾ ਹੋਇਆ ਹੈ ਅਤੇ ਉਹ 34ਵੇਂ ਸਥਾਨ ‘ਤੇ ਆ ਗਿਆ ਹੈ। ਜਡੇਜਾ ਨੇ ਤੀਜੇ ਟੈਸਟ ‘ਚ 72 ਅਤੇ ਨਾਬਾਦ 61 ਦੌੜਾਂ ਬਣਾਈਆਂ। 100 ਅਤੇ 39 ਦੌੜਾਂ ਬਣਾਉਣ ਵਾਲੇ ਕੇਐਲ ਰਾਹੁਲ ਵੀ ਪੰਜ ਸਥਾਨ ਦੇ ਸੁਧਾਰ ਨਾਲ 35ਵੇਂ ਸਥਾਨ ‘ਤੇ ਆ ਗਏ ਹਨ।
Read More: ICC ਨੇ ਹੌਲੀ ਓਵਰ ਰੇਟ ਕਾਰਨ ਇੰਗਲੈਂਡ ਦੇ WTC ਸੂਚੀ ‘ਚੋਂ 2 ਅੰਕ ਕੱਟੇ, ਲਗਾਇਆ ਜੁਰਮਾਨਾ