ਚੰਡੀਗੜ੍ਹ, 25 ਜਨਵਰੀ 2023: ਭਾਰਤ ਦੇ ਸਟਾਰ ਕ੍ਰਿਕਟਰ ਸੂਰਿਆ ਕੁਮਾਰ ਯਾਦਵ (Surya Kumar Yadav) ਨੂੰ ਆਈਸੀਸੀ ਨੇ ਸਾਲ 2022 ਦਾ ਸਰਵੋਤਮ ਟੀ-20 ਕ੍ਰਿਕਟਰ ਚੁਣਿਆ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਦੀ ਤਾਹਿਲਾ ਮੈਕਗ੍ਰਾ ਨੂੰ 2022 ਦੀ ਸਰਵੋਤਮ ਮਹਿਲਾ ਕ੍ਰਿਕਟਰ ਦਾ ਪੁਰਸਕਾਰ ਮਿਲਿਆ ਹੈ। ਸਾਲ 2022 ‘ਚ ਸੂਰਿਆਕੁਮਾਰ ਨੇ 31 ਟੀ-20 ਮੈਚਾਂ ‘ਚ 46.56 ਦੀ ਔਸਤ ਅਤੇ 187.43 ਦੀ ਸਟ੍ਰਾਈਕ ਰੇਟ ਨਾਲ 1164 ਦੌੜਾਂ ਬਣਾਈਆਂ।
ਸੂਰਿਆ ਕੁਮਾਰ ਇੱਕ ਸਾਲ ਦੇ ਅੰਦਰ ਟੀ-20 ਵਿੱਚ ਹਜ਼ਾਰ ਤੋਂ ਵੱਧ ਦੌੜਾਂ ਬਣਾਉਣ ਵਾਲਾ ਦੂਜਾ ਬੱਲੇਬਾਜ਼ ਹੈ। ਇਸ ਸਾਲ ਉਸ ਦੇ ਬੱਲੇ ਤੋਂ 68 ਛੱਕੇ ਨਿਕਲੇ। ਸੂਰਿਆ ਕੁਮਾਰ ਇੱਕ ਸਾਲ ਦੇ ਅੰਦਰ ਟੀ-20 ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਸੂਰਿਆ ਕੁਮਾਰ ਨੇ ਪਿਛਲੇ ਸਾਲ ਦੋ ਸੈਂਕੜੇ ਅਤੇ ਨੌਂ ਅਰਧ ਸੈਂਕੜੇ ਲਗਾਏ ਸਨ।
ਸੂਰਿਆ ਕੁਮਾਰ (Surya Kumar Yadav) ਪਿਛਲੇ ਸਾਲ ਆਸਟਰੇਲੀਆ ਵਿੱਚ ਹੋਏ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਦੌਰਾਨ ਸ਼ਾਨਦਾਰ ਫਾਰਮ ਵਿੱਚ ਸਨ। ਟੂਰਨਾਮੈਂਟ ਦੌਰਾਨ, ਉਸਨੇ ਛੇ ਪਾਰੀਆਂ ਵਿੱਚ ਤਿੰਨ ਅਰਧ-ਸੈਂਕੜੇ ਲਗਾਏ ਅਤੇ ਉਸਦੀ ਔਸਤ 60 ਦੇ ਆਸਪਾਸ ਰਹੀ। ਇੰਨਾ ਹੀ ਨਹੀਂ ਇਸ ਦੌਰਾਨ ਸੂਰਿਆ ਦਾ ਸਟ੍ਰਾਈਕ ਰੇਟ 189.68 ਰਿਹਾ।
ਸੂਰਿਆਕੁਮਾਰ ਨੇ ਪਿਛਲੇ ਸਾਲ ਇੰਗਲੈਂਡ ਖ਼ਿਲਾਫ਼ ਟੀ-20 ‘ਚ ਆਪਣਾ ਪਹਿਲਾ ਸੈਂਕੜਾ ਵੀ ਲਗਾਇਆ ਸੀ। ਇੰਗਲੈਂਡ ਨੂੰ 216 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ‘ਚ ਭਾਰਤੀ ਟੀਮ ਨੇ 31 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਸੂਰਿਆ ਕੁਮਾਰ ਨੇ ਯਾਦਗਾਰ ਪਾਰੀ ਖੇਡੀ। ਉਸ ਨੇ 55 ਗੇਂਦਾਂ ‘ਤੇ 117 ਦੌੜਾਂ ਬਣਾਈਆਂ ਅਤੇ ਭਾਰਤ ਨੂੰ ਜਿੱਤ ਦੇ ਨੇੜੇ ਪਹੁੰਚਾਇਆ। ਹਾਲਾਂਕਿ ਉਸ ਦੇ ਆਊਟ ਹੁੰਦੇ ਹੀ ਭਾਰਤੀ ਟੀਮ ਮੈਚ ਹਾਰ ਗਈ।
ਇਸ ਦੇ ਨਾਲ ਹੀ ਆਸਟ੍ਰੇਲੀਆ ਦੀ ਤਾਹਿਲਾ ਮੈਕਗ੍ਰਾ ਨੇ ਪਿਛਲੇ ਸਾਲ 16 ਟੀ-20 ਮੈਚ ਖੇਡ ਕੇ 62.14 ਦੀ ਔਸਤ ਨਾਲ 435 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਇੰਨੇ ਹੀ ਮੈਚਾਂ ‘ਚ ਮੈਕਗ੍ਰਾ ਨੇ ਵੀ 12.84 ਦੀ ਔਸਤ ਨਾਲ 13 ਵਿਕਟਾਂ ਲਈਆਂ। ਇਸ ਦੌਰਾਨ ਉਸ ਦੀ ਇਕਾਨਮੀ ਰੇਟ 6.95 ਰਹੀ। ਉਸ ਦਾ ਸਰਵੋਤਮ ਪ੍ਰਦਰਸ਼ਨ 13 ਦੌੜਾਂ ‘ਤੇ ਤਿੰਨ ਵਿਕਟਾਂ ਦਾ ਰਿਹਾ।