ਚੰਡੀਗੜ੍ਹ, 01 ਜਨਵਰੀ 2024: ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਨੇ ਸਾਲ 2025 ਦੇ ਪਹਿਲੇ ਦਿਨ ਇਕ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਜਸਪ੍ਰੀਤ ਬੁਮਰਾਹ ਆਈਸੀਸੀ ਟੈਸਟ ਰੈਂਕਿੰਗ ‘ਚ ਸਭ ਤੋਂ ਵੱਧ ਰੇਟਿੰਗ ਅੰਕਾਂ ਨਾਲ ਭਾਰਤੀ ਗੇਂਦਬਾਜ਼ ਬਣ ਗਿਆ ਹੈ। ਜਸਪ੍ਰੀਤ ਬੁਮਰਾਹ ਆਈਸੀਸੀ ਟੈਸਟ ਰੈਂਕਿੰਗ ‘ਚ ਪਹਿਲੇ ਸਥਾਨ ‘ਤੇ ਕਾਬਜ਼ ਹਨ |
ਜਸਪ੍ਰੀਤ ਬੁਮਰਾਹ ਨੇ ਆਸਟ੍ਰੇਲੀਆ ਖਿਲਾਫ਼ ਚਾਰ ਟੈਸਟ ਮੈਚਾਂ ‘ਚ 30 ਵਿਕਟਾਂ ਲਈਆਂ ਹਨ ਅਤੇ ਬੁਮਰਾਹ ਇਸ ਸੀਰੀਜ਼ ‘ਚ ਸਭ ਤੋਂ ਸਫਲ ਗੇਂਦਬਾਜ਼ ਬਣ ਕੇ ਉਭਰਿਆ ਹੈ। ਆਈਸੀਸੀ ਟੈਸਟ ਰੈਂਕਿੰਗ ‘ਚ ਬੁਮਰਾਹ ਦੇ ਕੋਲ 907 ਰੇਟਿੰਗ ਹੈ, ਜੋ ਭਾਰਤੀ ਕ੍ਰਿਕਟ ਟੀਮ ਦੇ ਇਤਿਹਾਸ ਵਿੱਚ ਕਿਸੇ ਵੀ ਗੇਂਦਬਾਜ਼ ਦੇ ਸਭ ਤੋਂ ਵਧੀਆ ਰੇਟਿੰਗ ਅੰਕ ਹਨ।
ਜਿਕਰਯੋਗ ਹੈ ਕਿ ਮੈਲਬੌਰਨ ‘ਚ ਖੇਡੇ ਚੌਥੇ ਟੈਸਟ ਤੋਂ ਪਹਿਲਾਂ ਬੁਮਰਾਹ ਦੇ ਰੇਟਿੰਗ ਅੰਕ 904 ਸਨ ਅਤੇ ਉਸ ਨੇ ਸਰਵੋਤਮ ਰੇਟਿੰਗ ਦੇ ਮਾਮਲੇ ‘ਚ ਸਾਬਕਾ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਬਰਾਬਰੀ ਕਰ ਲਈ ਸੀ। ਅਸ਼ਵਿਨ ਨੇ 2016 ‘ਚ ਸਭ ਤੋਂ ਜ਼ਿਆਦਾ ਰੇਟਿੰਗ (904) ਹਾਸਲ ਕੀਤੀ ਸੀ ਪਰ ਹੁਣ ਇਸ ਮਾਮਲੇ ‘ਚ ਜਸਪ੍ਰੀਤ ਬੁਮਰਾਹ ਨੇ ਆਰ ਅਸ਼ਵਿਨ ਨੂੰ ਪਿੱਛੇ ਛੱਡ ਦਿੱਤਾ ਹੈ।
ਜਸਪ੍ਰੀਤ ਬੁਮਰਾਹ (Jasprit Bumrah) ਨੇ ਆਸਟਰੇਲੀਆ ਖ਼ਿਲਾਫ ਚੌਥੇ ਟੈਸਟ ਦੌਰਾਨ ਆਪਣੇ 200 ਟੈਸਟ ਵਿਕਟ ਪੂਰੇ ਕੀਤੇ ਹਨ। ਮੈਚ ਦੇ ਮੁਤਾਬਕ ਬੁਮਰਾਹ ਭਾਰਤ ਲਈ ਟੈਸਟ ‘ਚ ਸਭ ਤੋਂ ਤੇਜ਼ 200 ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ‘ਚ ਦੂਜੇ ਨੰਬਰ ‘ਤੇ ਹਨ। ਹਾਲਾਂਕਿ ਇਸ ਸੂਚੀ ‘ਚ ਚੋਟੀ ਦੇ ਪੰਜ ਗੇਂਦਬਾਜ਼ਾਂ ‘ਚ ਸਿਰਫ ਇਕ ਤੇਜ਼ ਗੇਂਦਬਾਜ਼ ਹੈ ਅਤੇ ਬੁਮਰਾਹ ਨੇ 44 ਟੈਸਟਾਂ ‘ਚ ਅਜਿਹਾ ਕੀਤਾ।
ਭਾਰਤ ਦੇ ਸਪਿਨਰ ਆਰ ਅਸ਼ਵਿਨ ਨੇ 37 ਟੈਸਟ ਮੈਚਾਂ ‘ਚ 200 ਵਿਕਟਾਂ ਪੂਰੀਆਂ ਕਰ ਲਈਆਂ ਸਨ ਅਤੇ ਉਹ ਚੋਟੀ ‘ਤੇ ਕਾਬਜ ਹਨ। ਜੇਕਰ ਗੇਂਦਾਂ ਦੇ ਮਾਮਲੇ ‘ਚ ਟੈਸਟ ‘ਚ ਸਭ ਤੋਂ ਤੇਜ਼ 200 ਵਿਕਟਾਂ ਪੂਰੀਆਂ ਕਰਨ ਵਾਲੇ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਬੁਮਰਾਹ ਚੌਥੇ ਸਥਾਨ ‘ਤੇ ਹਨ। ਬੁਮਰਾਹ ਨੂੰ 200 ਵਿਕਟਾਂ ਹਾਸਲ ਕਰਨ ਲਈ 8484 ਗੇਂਦਾਂ ਸੁੱਟਣੀਆਂ ਪਈਆਂ ਹਨ | ਇਸ ਸੂਚੀ ‘ਚ ਸਿਖਰ ‘ਤੇ ਪਾਕਿਸਤਾਨ ਦੇ ਵਕਾਰ ਯੂਨਿਸ ਹਨ |
ਜਿਕਰਯੋਗ ਹੈ ਕਿ ਜਸਪ੍ਰੀਤ ਬੁਮਰਾਹ ਸਭ ਤੋਂ ਵੱਧ ਰੇਟਿੰਗ ਅੰਕ ਹਾਸਲ ਕਰਨ ਵਾਲਾ ਸੰਯੁਕਤ 17ਵਾਂ ਗੇਂਦਬਾਜ਼ ਹੈ ਅਤੇ ਇਸ ਮਾਮਲੇ ‘ਚ ਇੰਗਲੈਂਡ ਦੇ ਸਾਬਕਾ ਸਪਿਨਰ ਡੇਰੇਕ ਅੰਡਰਵੁੱਡ ਦੀ ਬਰਾਬਰੀ ਕਰ ਚੁੱਕਾ ਹੈ।
Read More: WTC Point Table: ਕੀ ਭਾਰਤੀ ਟੀਮ ਖੇਡ ਸਕਦੀ ਹੈ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ?