ਚੰਡੀਗੜ੍ਹ, 7 ਫ਼ਰਵਰੀ, 2023: ਆਈਸੀਸੀ ਨੇ ਮੰਗਲਵਾਰ ਨੂੰ ਭਾਰਤ ਦੇ ਦੋ ਖਿਡਾਰੀਆਂ ਨੂੰ ਪੁਰਸ਼ ਵਰਗ ਵਿੱਚ ਜਨਵਰੀ ਮਹੀਨੇ ਲਈ ਪਲੇਅਰ ਆਫ ਦਿ ਮੰਥ (POTM) ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਭਾਰਤ ਲਈ ਦੋਹਰਾ ਸੈਂਕੜਾ ਲਗਾਉਣ ਵਾਲੇ ਸ਼ੁਭਮਨ ਗਿੱਲ (Shubman Gill) ਅਤੇ ਮੁਹੰਮਦ ਸਿਰਾਜ (Mohammad Siraj) ਨੂੰ ਆਈਸੀਸੀ ਨੇ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ।
ਜਨਵਰੀ ‘ਚ ਦੋਵਾਂ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਨਿਊਜ਼ੀਲੈਂਡ ਦੇ ਡੇਵੋਨ ਕੋਨਵੇ ਪੁਰਸ਼ਾਂ ‘ਚ ਤੀਜੇ ਦਾਅਵੇਦਾਰ ਹਨ। ਆਸਟ੍ਰੇਲੀਆ ਦੀ ਫੋਬੀ ਲੀਚਫੀਲਡ, ਬੇਥ ਮੂਨੀ ਅਤੇ ਇੰਗਲੈਂਡ ਦੀ ਗ੍ਰੇਸ ਸਕ੍ਰਿਵਨਜ਼ ਨੂੰ ਮਹਿਲਾ ਪਲੇਅਰ ਆਫ ਦਿ ਮੰਥ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ।
Image: ICC
ਸ਼ੁਭਮਨ ਗਿੱਲ (Shubman Gill) ਨੇ 2023 ਦੀ ਸ਼ੁਰੂਆਤ ਸ਼ਾਨਦਾਰ ਤਰੀਕੇ ਨਾਲ ਕੀਤੀ। ਉਨ੍ਹਾਂ ਨੇ ਇਸ ਸਾਲ ਸ਼੍ਰੀਲੰਕਾ ਖ਼ਿਲਾਫ਼ ਆਪਣਾ ਡੈਬਿਊ ਕੀਤਾ ਸੀ। ਇਸ ਵਿੱਚ ਉਹ ਸਿਰਫ਼ ਸੱਤ ਦੌੜਾਂ ਹੀ ਬਣਾ ਸਕਿਆ। ਇਸ ਤੋਂ ਬਾਅਦ ਪੁਣੇ ‘ਚ ਦੂਜੇ ਟੀ-20 ਮੈਚ ‘ਚ ਵੀ ਉਹ ਦੋਹਰੇ ਅੰਕੜੇ ਨੂੰ ਛੂਹ ਨਹੀਂ ਸਕੇ। ਸ਼ੁਭਮਨ ਰਾਜਕੋਟ ਵਿੱਚ ਤੀਜੇ ਟੀ-20 ਵਿੱਚ 46 ਦੌੜਾਂ ਹੀ ਬਣਾ ਸਕੇ ਸਨ।
ਸ਼ੁਭਮਨ ਗਿੱਲ ਸ਼੍ਰੀਲੰਕਾ ਦੇ ਖ਼ਿਲਾਫ਼ ਵਨਡੇ ਵਿੱਚ ਸ਼ਾਨਦਾਰ ਫਾਰਮ ਵਿੱਚ ਨਜ਼ਰ ਆਏ ਸਨ। ਗਿੱਲ ਨੇ ਤਿੰਨ ਵਨਡੇ ਮੈਚਾਂ ਵਿੱਚ 70, 21 ਅਤੇ 116 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਸ਼ੁਭਮਨ ਨੇ ਨਿਊਜ਼ੀਲੈਂਡ ਖ਼ਿਲਾਫ਼ ਦਹਿਸ਼ਤ ਪੈਦਾ ਕਰ ਦਿੱਤੀ। ਹੈਦਰਾਬਾਦ ‘ਚ ਪਹਿਲੇ ਵਨਡੇ ‘ਚ ਉਸ ਨੇ 149 ਗੇਂਦਾਂ ‘ਚ 208 ਦੌੜਾਂ ਬਣਾਈਆਂ, ਜਿਸ ‘ਚ ਉਸ ਦੇ ਸਾਥੀ ਬੱਲੇਬਾਜ਼ 28 ਦੇ ਅੰਕੜੇ ਤੋਂ ਜ਼ਿਆਦਾ ਨਹੀਂ ਛੂਹ ਸਕੇ।
Image: ICC
ਇਸ ਤੋਂ ਬਾਅਦ ਉਸ ਨੇ ਦੂਜੇ ਵਨਡੇ ਵਿੱਚ ਅਜੇਤੂ 40 ਅਤੇ ਤੀਜੇ ਵਨਡੇ ਵਿੱਚ 112 ਦੌੜਾਂ ਬਣਾਈਆਂ। ਇਸ ਲੜੀ ਵਿੱਚ, ਸ਼ੁਭਮਨ ਗਿੱਲ ਨੇ ਕੁੱਲ 360 ਦੌੜਾਂ ਬਣਾਈਆਂ ਅਤੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਬਾਬਰ ਆਜ਼ਮ ਦੇ ਰਿਕਾਰਡ ਦੀ ਬਰਾਬਰੀ ਕੀਤੀ।
ਗਿੱਲ ਨੇ ਫਰਵਰੀ ‘ਚ ਵੀ ਇਸ ਫਾਰਮ ਨੂੰ ਜਾਰੀ ਰੱਖਿਆ, ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਵਨਡੇ ‘ਚ 63 ਗੇਂਦਾਂ ‘ਤੇ ਨਾਬਾਦ 126 ਦੌੜਾਂ ਬਣਾਈਆਂ। 17 ਦਿਨਾਂ ਦੇ ਅੰਦਰ ਹੀ ਗਿੱਲ ਨੇ ਚਾਰ ਸੈਂਕੜੇ ਜੜੇ। ਨਾਲ ਹੀ ਤਿੰਨੋਂ ਫਾਰਮੈਟਾਂ ਵਿੱਚ ਸੈਂਕੜੇ ਲਗਾਉਣ ਵਾਲੇ ਪੰਜਵੇਂ ਭਾਰਤੀ ਬੱਲੇਬਾਜ਼ ਬਣ ਗਏ ਹਨ।
ਜਸਪ੍ਰੀਤ ਬੁਮਰਾਹ ਦੇ ਸੱਟ ਤੋਂ ਬਾਅਦ ਭਾਰਤੀ ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਸਿਰਾਜ ਦੇ ਦੁਆਲੇ ਘੁੰਮ ਰਹੀ ਹੈ। ਉਸ ਨੇ ਇਸ ਮੌਕੇ ਦਾ ਸ਼ਾਨਦਾਰ ਫਾਇਦਾ ਉਠਾਇਆ ਅਤੇ ਵਿਨਾਸ਼ਕਾਰੀ ਗੇਂਦਾਂ ਨਾਲ ਵਿਰੋਧੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ। ਇਸ ਦਾ ਨਤੀਜਾ ਹੈ ਕਿ ਸਿਰਾਜ ਇਸ ਸਮੇਂ ਵਨਡੇ ‘ਚ ਨੰਬਰ ਇਕ ਗੇਂਦਬਾਜ਼ ਹੈ।