ਚੰਡੀਗੜ੍ਹ, 13 ਸਤੰਬਰ 2023: ਭਾਰਤੀ ਖਿਡਾਰੀਆਂ ਨੂੰ ਆਈਸੀਸੀ ਦੀ ਤਾਜ਼ਾ ਵਨਡੇ ਰੈਂਕਿੰਗ ਵਿੱਚ ਵੱਡਾ ਫਾਇਦਾ ਮਿਲਿਆ ਹੈ। ਭਾਰਤੀ ਟੀਮ ਨੇ ਏਸ਼ੀਆ ਕੱਪ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਇਸ ਦੌਰਾਨ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੇ ਆਈਸੀਸੀ ਰੈਂਕਿੰਗ ਵਿੱਚ ਵੱਡੀ ਛਾਲ ਮਾਰੀ ਹੈ। ਏਸ਼ੀਆ ਕੱਪ ‘ਚ ਦੋ ਅਰਧ ਸੈਂਕੜਿਆਂ ਦੀ ਮੱਦਦ ਨਾਲ 154 ਦੌੜਾਂ ਬਣਾਉਣ ਵਾਲੇ ਸ਼ੁਭਮਨ ਗਿੱਲ (Shubman Gill) ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਹਾਸਲ ਕਰਦਿਆਂ ਦੂਜੇ ਸਥਾਨ ‘ਤੇ ਪਹੁੰਚ ਗਏ ਹਨ। ਗਿੱਲ ਆਉਣ ਵਾਲੇ ਸਮੇਂ ‘ਚ ਵਨਡੇ ‘ਚ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਚੋਟੀ ‘ਤੇ ਆ ਸਕਦਾ ਹੈ।
ਰੈਂਕਿੰਗ ‘ਚ ਸਿਖਰ ‘ਤੇ ਕਾਬਜ਼ ਬਾਬਰ ਆਜ਼ਮ ਦੇ 863 ਅੰਕ ਹਨ ਜਦਕਿ ਸ਼ੁਭਮਨ ਗਿੱਲ (Shubman Gill) 759 ਰੇਟਿੰਗ ਅੰਕਾਂ ਨਾਲ ਉਸ ਤੋਂ 103 ਅੰਕ ਪਿੱਛੇ ਹਨ। ਗਿੱਲ ਤੋਂ ਇਲਾਵਾ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਵੀ ਦੋ-ਦੋ ਸਥਾਨਾਂ ਦਾ ਫਾਇਦਾ ਹੋਇਆ ਹੈ ਅਤੇ ਦੋਵੇਂ ਦਿੱਗਜ ਸਿਖਰਲੇ 10 ਬੱਲੇਬਾਜ਼ਾਂ ਵਿੱਚ ਸ਼ਾਮਲ ਹੋ ਗਏ ਹਨ। ਕੋਹਲੀ ਅੱਠਵੇਂ ਅਤੇ ਰੋਹਿਤ ਨੌਵੇਂ ਸਥਾਨ ‘ਤੇ ਹਨ। ਸਾਢੇ ਚਾਰ ਸਾਲਾਂ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ ਤਿੰਨ ਭਾਰਤੀ ਬੱਲੇਬਾਜ਼ ਆਈਸੀਸੀ ਰੈਂਕਿੰਗ ਵਿੱਚ ਸਿਖਰਲੇ 10 ਵਿੱਚ ਥਾਂ ਬਣਾਉਣ ਵਿੱਚ ਸਫਲ ਰਹੇ ਹਨ।