ਚੰਡੀਗੜ੍ਹ, 16 ਫਰਵਰੀ 2023: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਬੁੱਧਵਾਰ ਨੂੰ ਪੁਰਸ਼ਾਂ ਦੀ ਟੈਸਟ ਰੈਂਕਿੰਗ ਵਿੱਚ ਹੇਰਾਫੇਰੀ ਅਤੇ ਗਲਤੀਆਂ ਲਈ ਪ੍ਰਸ਼ੰਸਕਾਂ ਤੋਂ ਮੁਆਫ਼ੀ ਮੰਗੀ ਹੈ। ਦਰਅਸਲ ਬੁੱਧਵਾਰ ਨੂੰ ਭਾਰਤੀ ਟੀਮ ਲਗਭਗ ਛੇ ਘੰਟੇ ਤੱਕ ਟੈਸਟ ‘ਚ ਨੰਬਰ ਵਨ ਟੀਮ ਬਣੀ। ਵਨਡੇ ਅਤੇ ਟੀ-20 ‘ਚ ਭਾਰਤ ਪਹਿਲਾਂ ਹੀ ਨੰਬਰ ਵਨ ਸੀ, ਅਜਿਹੇ ‘ਚ ਭਾਰਤੀ ਟੀਮ ਛੇ ਘੰਟੇ ਤੱਕ ਤਿੰਨਾਂ ਫਾਰਮੈਟਾਂ ‘ਚ ਨੰਬਰ-1 ਟੀਮ ਬਣ ਗਈ ਸੀ । ਬੁੱਧਵਾਰ ਸ਼ਾਮ ਨੂੰ ਆਈਸੀਸੀ ਨੇ ਇੱਕ ਵਾਰ ਫਿਰ ਰੈਂਕਿੰਗ ਵਿੱਚ ਤਬਦੀਲੀ ਕੀਤੀ, ਭਾਰਤ ਨੂੰ ਟੈਸਟ ਵਿੱਚ ਨੰਬਰ ਇੱਕ ਤੋਂ ਹਟਾ ਕੇ ਆਸਟਰੇਲੀਆ ਨੂੰ ਨੰਬਰ ਇੱਕ ਬਣਾ ਦਿੱਤਾ ਗਿਆ ਹੈ ।
ਵੀਰਵਾਰ ਨੂੰ ਆਈਸੀਸੀ (ICC) ਨੇ ਗਲਤੀ ਸਵੀਕਾਰ ਕਰ ਲਈ ਅਤੇ ਤਕਨੀਕੀ ਖ਼ਰਾਬੀ ਲਈ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ। ਆਈਸੀਸੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਮੰਨਦੀ ਹੈ ਕਿ 15 ਫਰਵਰੀ, 2023 ਨੂੰ ਥੋੜ੍ਹੇ ਸਮੇਂ ਲਈ, ਆਈਸੀਸੀ ਦੀ ਵੈੱਬਸਾਈਟ ‘ਤੇ ਤਕਨੀਕੀ ਖ਼ਰਾਬੀ ਕਾਰਨ ਭਾਰਤ ਨੂੰ ਗਲਤੀ ਨਾਲ ਨੰਬਰ ਵਨ ਟੈਸਟ ਟੀਮ ਦੇ ਰੂਪ ਵਿੱਚ ਦਿਖਾਇਆ ਗਿਆ ਸੀ।
ਭਾਰਤੀ ਟੀਮ ਬੁੱਧਵਾਰ ਸਵੇਰੇ ਟੈਸਟ ‘ਚ ਨੰਬਰ ਇਕ ਟੀਮ ਬਣ ਗਈ ਸੀ (ਫੋਟੋ ਕ੍ਰੈਡਿਟ: ਆਈਸੀਸੀ ਵੈੱਬਸਾਈਟ)
ਆਈਸੀਸੀ ਨੇ ਕਿਹਾ ਕਿ ਸਾਨੂੰ ਕਿਸੇ ਵੀ ਅਸੁਵਿਧਾ ਲਈ ਖੇਦ ਹੈ। ਵੈਸਟਇੰਡੀਜ਼ ਦੇ ਖ਼ਿਲਾਫ਼ ਜ਼ਿੰਬਾਬਵੇ ਦੀ ਦੋ ਮੈਚਾਂ ਦੀ ਸੀਰੀਜ਼ ਦੀ ਸਮਾਪਤੀ ਤੋਂ ਬਾਅਦ ਤਾਜ਼ਾ ਅਪਡੇਟ ਤੋਂ ਬਾਅਦ ਆਸਟਰੇਲੀਆ ਆਈਸੀਸੀ ਟੈਸਟ ਟੀਮ ਰੈਂਕਿੰਗ ਵਿੱਚ ਸਿਖਰ ‘ਤੇ ਬਰਕਰਾਰ ਹੈ। ਭਾਰਤ ਦੇ ਖ਼ਿਲਾਫ਼ ਸ਼ੁੱਕਰਵਾਰ, 17 ਜਨਵਰੀ ਨੂੰ ਦਿੱਲੀ ਵਿੱਚ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਵਿੱਚ ਆਸਟਰੇਲੀਆ 126 ਰੇਟਿੰਗ ਅੰਕਾਂ ਨਾਲ ਨੰਬਰ ਇੱਕ ਰੈਂਕਿੰਗ ਵਾਲੀ ਟੀਮ ਦੇ ਰੂਪ ਵਿੱਚ ਭਾਰਤ ਨਾਲ ਭਿੜੇਗਾ। ਆਸਟ੍ਰੇਲੀਆਈ ਟੀਮ ਭਾਰਤ ਦੇ 115 ਰੇਟਿੰਗ ਅੰਕਾਂ ਤੋਂ 11 ਅੰਕ ਉੱਪਰ ਹੈ।
(ਫੋਟੋ ਕ੍ਰੈਡਿਟ: ਆਈਸੀਸੀ ਵੈੱਬਸਾਈਟ)
ਆਈਸੀਸੀ ਨੇ ਕਿਹਾ ਕਿ ਭਾਰਤ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ 2021-23 ਦੇ ਫਾਈਨਲ ਵਿੱਚ ਥਾਂ ਬਣਾਉਣ ਦੀ ਦੌੜ ਵਿੱਚ ਹੈ। ਫਾਈਨਲ ਮੈਚ 7 ਤੋਂ 11 ਜੂਨ ਤੱਕ ਲੰਡਨ ਦੇ ਓਵਲ ਸਟੇਡੀਅਮ ‘ਚ ਖੇਡਿਆ ਜਾਵੇਗਾ। ਆਸਟ੍ਰੇਲੀਆ ‘ਤੇ ਪਹਿਲੇ ਟੈਸਟ ‘ਚ ਪਾਰੀ ਅਤੇ 132 ਦੌੜਾਂ ਦੀ ਜਿੱਤ ਨਾਲ ਭਾਰਤੀ ਟੀਮ ਟੈਸਟ ਰੈਂਕਿੰਗ ‘ਚ ਨੰਬਰ ਇਕ ਟੀਮ ਦਿਖਾਇਆ ਗਿਆ ਸੀ |