July 5, 2024 4:35 am
Babar Azam

ICC Awards: ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਬਣੇ “ਆਈਸੀਸੀ ਪੁਰਸ਼ ਕ੍ਰਿਕਟਰ ਆਫ ਦਿ ਈਅਰ”

ਚੰਡੀਗੜ੍ਹ, 26 ਜਨਵਰੀ 2023: ਪਾਕਿਸਤਾਨੀ ਕਪਤਾਨ ਬਾਬਰ ਆਜ਼ਮ (Babar Azam) ਨੂੰ ਸਾਲ 2022 ਲਈ ਆਈਸੀਸੀ ਪੁਰਸ਼ ਕ੍ਰਿਕਟਰ ਆਫ ਦਿ ਈਅਰ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਉਹ ਵਨਡੇ ਕ੍ਰਿਕਟਰ ਆਫ ਦਿ ਈਅਰ ਦਾ ਐਵਾਰਡ ਵੀ ਜਿੱਤ ਚੁੱਕਾ ਹੈ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੂੰ ਸਾਲ ਦਾ ਪੁਰਸ਼ ਟੈਸਟ ਖਿਡਾਰੀ ਚੁਣਿਆ ਗਿਆ ਹੈ। ਬੀਤੇ ਦਿਨ ਭਾਰਤ ਦੇ ਸੂਰਿਆ ਕੁਮਾਰ ਯਾਦਵ ਨੇ ਟੀ-20 ਪੁਰਸ਼ ਕ੍ਰਿਕਟਰ ਆਫ ਦਿ ਈਅਰ ਅਵਾਰਡ ਜਿੱਤਿਆ ਹੈ ।

ਬਾਬਰ ਆਜ਼ਮ (Babar Azam) ਨੇ 2022 ਵਿੱਚ ਪਾਕਿਸਤਾਨ ਲਈ 44 ਮੈਚਾਂ ਵਿੱਚ 54.12 ਦੀ ਔਸਤ ਨਾਲ 2598 ਦੌੜਾਂ ਬਣਾਈਆਂ ਹਨ । ਇਸ ਦੌਰਾਨ ਉਸ ਦੇ ਬੱਲੇ ਤੋਂ ਅੱਠ ਸੈਂਕੜੇ ਅਤੇ 15 ਅਰਧ ਸੈਂਕੜੇ ਨਿਕਲੇ। 2022 ਵਿੱਚ ਬਾਬਰ ਆਜ਼ਮ ਨੇ ਤਿੰਨ ਸੈਂਕੜੇ ਅਤੇ ਪੰਜ ਅਰਧ ਸੈਂਕੜਿਆਂ ਦੀ ਮਦਦ ਨਾਲ ਨੌਂ ਵਨਡੇ ਮੈਚਾਂ ਵਿੱਚ ਕੁੱਲ 679 ਦੌੜਾਂ ਬਣਾਈਆਂ। ਉਨ੍ਹਾਂ ਦੀ ਔਸਤ 84.87 ਰਹੀ। ਉਹ ਜੁਲਾਈ 2021 ਤੋਂ ਆਈਸੀਸੀ ਰੈਂਕਿੰਗ ਵਿੱਚ ਦੁਨੀਆ ਦਾ ਨੰਬਰ ਇੱਕ ਬੱਲੇਬਾਜ਼ ਬਣਿਆ ਹੋਇਆ ਹੈ।

ਲਗਾਤਾਰ ਦੂਜੇ ਸਾਲ ਪਾਕਿਸਤਾਨ ਦੇ ਕਿਸੇ ਖਿਡਾਰੀ ਨੂੰ ਸਾਲ ਦਾ ਪੁਰਸ਼ ਕ੍ਰਿਕਟਰ ਦਾ ਪੁਰਸਕਾਰ ਮਿਲਿਆ ਹੈ। ਪਿਛਲੇ ਸਾਲ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ ਜਿੱਤ ਦਰਜ ਕੀਤੀ ਸੀ। ਸਰ ਗਾਰਫੀਲਡ ਸੋਬਰਸ ਟਰਾਫੀ ਸਾਲ ਦੇ ਪੁਰਸ਼ ਕ੍ਰਿਕਟਰ ਨੂੰ ਦਿੱਤੀ ਜਾਂਦੀ ਹੈ। ਆਈਸੀਸੀ ਕ੍ਰਿਕਟਰ ਆਫ ਦਿ ਈਅਰ ਐਵਾਰਡ ਦੇ ਦਾਅਵੇਦਾਰਾਂ ਵਿੱਚ ਕੋਈ ਵੀ ਭਾਰਤੀ ਕ੍ਰਿਕਟਰ ਨਹੀਂ ਸੀ। ਇਸ ‘ਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਤੋਂ ਇਲਾਵਾ ਇੰਗਲੈਂਡ ਦੇ ਟੈਸਟ ਕਪਤਾਨ ਬੇਨ ਸਟੋਕਸ, ਨਿਊਜ਼ੀਲੈਂਡ ਦੇ ਟੈਸਟ ਕਪਤਾਨ ਟਿਮ ਸਾਊਥੀ ਅਤੇ ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਦਾ ਨਾਂ ਸ਼ਾਮਲ ਹੈ।