ਚੰਡੀਗ੍ਹੜ, 28 ਸਤੰਬਰ 2023: ਨਸ਼ਾ ਤਸਕਰੀ ਮਾਮਲੇ ‘ਚ ਗ੍ਰਿਫਤਾਰੀ ਤੋਂ ਬਾਅਦ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਨਾਲ ਬਦਲਾਖ਼ੋਰੀ ਦੀ ਰਾਜਨੀਤੀ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਮੈਨੂੰ ਜਿਸ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਉਹ ਕੇਸ 2015 ਦਾ ਹੈ ਅਤੇ ਸਜ਼ਾ ਤੋਂ ਬਾਅਦ ਮੈਨੂੰ ਈ.ਡੀ. ਵਲੋਂ ਇਸ ਕੇਸ ਵਿਚ ਜ਼ਮਾਨਤ ਵੀ ਦਿੱਤੀ ਜਾ ਚੁੱਕੀ ਹੈ।
ਸੁਖਪਾਲ ਖਹਿਰਾ (Sukhpal Singh Khaira) ਨੇ ਕਿਹਾ ਕਿ ਇਕ ਹੀ ਕੇਸ ਵਿਚ ਮੈਨੂੰ ਕਿੰਨੀ ਵਾਰ ਫਸਾਓਗੇ। ਉਨ੍ਹਾਂ ਅੱਗੇ ਕਿਹਾ ਕਿ ਮੈਂ ਬਿਲਕੁੱਲ ਵੀ ਡਰਨ ਵਾਲਾ ਨਹੀਂ ਹਾਂ ਅਤੇ ਅੰਤ ਵਿਚ ਸੱਚ ਦੀ ਹੀ ਜਿੱਤ ਹੋਵੇਗੀ। ਉਨ੍ਹਾਂ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆ ਕਿਹਾ ਕਿ ਇਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਵਿਚ ਬਦਲਾਅ ਲਿਆਂਦਾ ਜਾਵੇਗਾ ਪਰ ਇਹ ਬਦਲਾਅ ਦੀ ਨਹੀਂ ਬਲਕਿ ਬਦਲੇ ਦੀ ਭਾਵਨਾ ਨਾਲ ਅੱਗੇ ਆ ਰਹੇ ਹਨ ਅਤੇ ਇਸੇ ਬਦਲਾਖ਼ੋਰੀ ਦੀ ਰਾਜਨੀਤੀ ਤਹਿਤ ਮੈਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਕਾਂਗਰਸ ਨੂੰ ਹਾਸ਼ੀਏ ’ਤੇ ਪਹੁੰਚਾਉਣ ਲਈ ਅਜਿਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਐੱਫ.ਆਈ.ਆਰ ਖ਼ਿਲਾਫ਼ ਭਗਵੰਤ ਮਾਨ ਕਦੇ ਮੈਨੂੰ ਸਮਰਥਨ ਕਰਦੇ ਸਨ, ਅੱਜ ਉਸੇ ਐੱਫ.ਆਈ.ਆਰ ਤਹਿਤ ਮੈਂ ਅੱਜ ਦੋਸ਼ੀ ਲੱਗਣ ਲੱਗ ਪਿਆ |