ਚੰਡੀਗੜ੍ਹ, 24 ਜਨਵਰੀ 2026: ਪੰਜਾਬ ‘ਚ ਤਕਨੀਕੀ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਸੰਬਧੀ ਪੰਜਾਬ ਭਵਨ ਵਿਖੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.ਪੀ.ਟੀ.ਯੂ.), ਜਲੰਧਰ ਨੇ ਯੂਨੀਵਰਸਲ ਬਿਜ਼ਨਸ ਸਕੂਲ ਸਿਡਨੀ (ਯੂ.ਬੀ.ਐਸ.ਐਸ), ਆਸਟ੍ਰੇਲੀਆ ਨਾਲ ਇੱਕ ਅਹਿਮ ਸਮਝੌਤੇ ‘ਤੇ ਦਸਤਖਤ ਕੀਤੇ ਹਨ | ਇਸ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਮੌਜੂਦ ਰਹੇ।
ਪੰਜਾਬ ਸਰਕਾਰ ਮੁਤਾਬਕ ਇਸ ਸਹਿਯੋਗ ਦਾ ਉਦੇਸ਼ ਅਕਾਦਮਿਕ ਅਦਾਨ-ਪ੍ਰਦਾਨ, ਸਾਂਝੀਆਂ ਖੋਜ ਪਹਿਲਕਦਮੀਆਂ, ਫੈਕਲਟੀ ਅਤੇ ਵਿਦਿਆਰਥੀਆਂ ਦੀਆਂ ਸਰਗਰਮੀਆਂ ਅਤੇ ਸਿੱਖਿਆ, ਸਿਖਲਾਈ ਅਤੇ ਖੋਜ ‘ਚ ਵਿਸ਼ਵਵਿਆਪੀ ਉੱਤਮ ਅਭਿਆਸਾਂ ਨੂੰ ਅਪਨਾਉਣ ਅਤੇ ਉਨ੍ਹਾਂ ਨੂੰ ਹੁਲਾਰਾ ਦੇਣਾ ਹੈ।
ਇਸ ਮੌਕੇ ਆਪਣੇ ਸੰਬੋਧਨ ਦੌਰਾਨ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਯੂਨੀਵਰਸਿਟੀ ਬਿਜ਼ਨਸ ਸਕੂਲ ਸਿਡਨੀ ਵਰਗੀਆਂ ਵਿਸ਼ਵ ਪੱਧਰੀ ਸੰਸਥਾਵਾਂ ਨਾਲ ਸਹਿਯੋਗ ਪੰਜਾਬ ਦੇ ਤਕਨੀਕੀ ਅਦਾਰਿਆਂ ‘ਚ ਸਿੱਖਿਆ ਅਤੇ ਖੋਜ ਦੇ ਮਿਆਰ ‘ਚ ਅਹਿਮ ਵਾਧਾ ਕਰੇਗਾ। ਅਜਿਹੇ ਸਮਝੌਤੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੋਵਾਂ ਲਈ ਉੱਨਤ ਅਤੇ ਸਹਿਯੋਗੀ ਖੋਜ, ਸਾਂਝੀ ਪ੍ਰਕਾਸ਼ਨਾ, ਨਵੀਨਤਾ-ਆਧਾਰਤ ਪ੍ਰਾਜੈਕਟਾਂ ਅਤੇ ਕੌਮਾਂਤਰੀ ਖੋਜ ਤੱਕ ਪਹੁੰਚ ਲਈ ਵਿਸ਼ਾਲ ਸੰਭਾਵਨਾਵਾਂ ਦੇ ਰਾਹ ਖੋਲ੍ਹੇਗਾ।
ਸਹਿਯੋਗ ਬਾਰੇ ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਵਿਸ਼ਵਵਿਆਪੀ ਭਾਈਵਾਲੀ ਵਿਦਿਆਰਥੀਆਂ ਲਈ ਆਲਮੀ ਤਜਰਬਾ, ਉਦਯੋਗ-ਮੁਖੀ ਸਿਖਲਾਈ ਅਤੇ ਵਿਦੇਸ਼ਾਂ ‘ਚ ਉਚੇਰੀ ਸਿੱਖਿਆ, ਇੰਟਰਨਸ਼ਿਪ ਅਤੇ ਪਲੇਸਮੈਂਟ ਦੇ ਮੌਕੇ ਪ੍ਰਦਾਨ ਕਰਕੇ ਕਰੀਅਰ ਲਈ ਨਵੇਂ, ਬਿਹਤਰ ਅਤੇ ਮੌਕੇ ਪੈਦਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਅਕਾਦਮਿਕ ਅਦਾਨ-ਪ੍ਰਦਾਨ ਪ੍ਰੋਗਰਾਮਾਂ, ਸਮਰੱਥਾ ਨਿਰਮਾਣ ਪਹਿਲਕਦਮੀਆਂ ਅਤੇ ਅੰਤਰਰਾਸ਼ਟਰੀ ਖੋਜ ਤੇ ਵਿਕਾਸ ਗਤੀਵਿਧੀਆਂ ‘ਚ ਭਾਗੀਦਾਰੀ ਫੈਕਲਟੀ ਮੈਂਬਰਾਂ ਲਈ ਵੀ ਵਧੇਰੇ ਫਾਇਦੇਮੰਦ ਸਾਬਤ ਹੋਵੇਗੀ।
ਸਿੱਖਿਆ ਮੰਤਰੀ ਨੇ ਕਿਹਾ ਕਿ ਯੂ.ਬੀ.ਐਸ.ਐਸ. ਆਸਟ੍ਰੇਲੀਆ ਨਾਲ ਆਈ.ਕੇ.ਜੀ.ਪੀ.ਟੀ.ਯੂ. ਜਲੰਧਰ ਦਰਮਿਆਨ ਭਾਈਵਾਲੀ ਨਾ ਸਿਰਫ਼ ਦੋ ਵੱਡੀਆਂ ਸਿੱਖਿਆ ਸੰਸਥਾਵਾਂ ਦਰਮਿਆਨ ਗਿਆਨ ਦੇ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਵੇਗੀ, ਸਗੋਂ ਆਸਟ੍ਰੇਲੀਆ ਦੇ ਉਚੇਰੀ ਸਿੱਖਿਆ ਈਕੋ-ਸਿਸਟਮ ‘ਚ ਆਈ.ਕੇ.ਜੀ. ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਸਿੱਖਿਆ ਅਨੁਭਵ ਨੂੰ ਵੀ ਮਜ਼ਬੂਤੀ ਦੇਵੇਗੀ।
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਰਣਨੀਤਕ ਅਕਾਦਮਿਕ ਭਾਈਵਾਲੀ ਦੀ ਸ਼ੁਰੂਆਤ ਕਰਨ ਵਾਲੇ ਇਸ ਸਮਝੌਤੇ ‘ਤੇ ਆਈ.ਕੇ.ਜੀ.ਪੀ.ਟੀ.ਯੂ. ਜਲੰਧਰ ਦੇ ਵਾਈਸ-ਚਾਂਸਲਰ ਡਾ. ਸੁਸ਼ੀਲ ਮਿੱਤਲ ਅਤੇ ਯੂਨੀਵਰਸਲ ਬਿਜ਼ਨਸ ਸਕੂਲ ਸਿਡਨੀ ਦੇ ਪ੍ਰੈਜ਼ੀਡੈਂਟ ਗੈਰੀ ਮਲਹੋਤਰਾ ਨੇ ਦਸਤਖ਼ਤ ਕੀਤੇ। ਇਸ ਦੌਰਾਨ ਗੈਰੀ ਮਲਹੋਤਰਾ ਨੇ ਵਿਦਿਆਰਥੀਆਂ ‘ਚ ਨਵੀਨ ਖੋਜਾਂ, ਉੱਦਮਤਾ ਅਤੇ ਗਲੋਬਲ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨ ਲਈ ਵੱਧ ਤੋਂ ਵੱਧ ਵਿਸ਼ਵ-ਪੱਧਰੀ ਸੰਸਥਾਵਾਂ ਨਾਲ ਸਹਿਯੋਗ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
Read More: ਪੰਜਾਬ ‘ਚ ਹਰੇਕ ਪਰਿਵਾਰ ਨੂੰ ਪ੍ਰਾਈਵੇਟ ਹਸਪਤਾਲ ‘ਚ ਵੀ ਮਿਲੇਗਾ 10 ਲੱਖ ਰੁਪਏ ਤੱਕ ਮੁਫ਼ਤ ਇਲਾਜ: ‘ਆਪ’




