ਅੰਮ੍ਰਿਤਸਰ, 14 ਜੂਨ 2025: ਪੰਜਾਬ ਕਾਂਗਰਸ ਦੇ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਇੱਕ ਵਾਰ ਫਿਰ ਰਾਜਨੀਤੀ ‘ਚ ਸਰਗਰਮ ਹੋਣ ਦੇ ਸੰਕੇਤ ਦਿੱਤੇ ਹਨ। ਹਾਲ ਹੀ ‘ਚ ਨਵਜੋਤ ਸਿੰਘ ਸਿੱਧੂ ਦ ਕਪਿਲ ਸ਼ਰਮਾ ਸ਼ੋਅ ‘ਚ ਵਾਪਸੀ ਦੀਆਂ ਖ਼ਬਰਾਂ ਕਾਰਨ ਸੁਰਖੀਆਂ ‘ਚ ਸਨ, ਪਰ ਸ਼ਨੀਵਾਰ ਨੂੰ ਦਿੱਤੇ ਇੱਕ ਬਿਆਨ ਤੋਂ ਬਾਅਦ ਸਿੱਧੂ ਫਿਰ ਸੁਰਖੀਆਂ ‘ਚ ਆ ਗਏ ਹਨ।
ਜਿਸ ‘ਚ ਉਨ੍ਹਾਂ ਨੇ ਰਾਜਨੀਤੀ ‘ਚ ਵਾਪਸੀ ਦੇ ਸਖ਼ਤ ਸੰਕੇਤ ਦਿੱਤੇ ਹਨ। ਅੰਮ੍ਰਿਤਸਰ ‘ਚ ਦਿੱਤੇ ਇੱਕ ਬਿਆਨ ‘ਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਰਾਜਨੀਤੀ ਵਿੱਚ ਕਾਰੋਬਾਰ ਕਰਨ ਲਈ ਨਹੀਂ, ਸਗੋਂ ਬਦਲਾਅ ਲਿਆਉਣ ਲਈ ਆਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ‘ਤੇ ਵੀ ਨਿਸ਼ਾਨਾ ਸਾਧਿਆ।
ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਿਹਾ ਕਿ ਪਿਛਲੇ ਸਾਲਾਂ ਦੀਆਂ ਸਰਕਾਰਾਂ ਮਾਫੀਆ ਦੇ ਕੰਟਰੋਲ ਹੇਠ ਸਨ। ਪਿਛਲੇ 15 ਸਾਲਾਂ ਦੀ ਰਾਜਨੀਤੀ ‘ਚ ਉਨ੍ਹਾਂ ‘ਤੇ ਇੱਕ ਵੀ ਦੋਸ਼ ਨਹੀਂ ਲਗਾਇਆ ਗਿਆ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਵੀ ਬਿਮਾਰੀ ਤੋਂ ਠੀਕ ਹੋਣ ਤੋਂ ਬਾਅਦ ਰਾਜਨੀਤੀ ‘ਚ ਵਾਪਸੀ ਦੀ ਗੱਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਵਿਧਾਨ ਸਭਾ ਚੋਣਾਂ ਲੜਨਗੇ ਅਤੇ ਜਿੱਤਣਗੇ।