July 2, 2024 9:54 pm
Rahul Gandhi

ਮੈਨੂੰ ਮੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ: ਰਾਹੁਲ ਗਾਂਧੀ

ਚੰਡੀਗੜ੍ਹ, 22 ਜਨਵਰੀ 2024: ਰਾਹੁਲ ਗਾਂਧੀ (Rahul Gandhi) ਭਾਰਤ ਜੋੜੋ ਨਿਆਂ ਯਾਤਰਾ ਦੌਰਾਨ ਆਸਾਮ ਵਿੱਚ ਮੌਜੂਦ ਹਨ। ਸੋਮਵਾਰ ਨੂੰ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਅੱਜ ਉਨ੍ਹਾਂ ਨੂੰ ਮੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਮੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਅੱਜ ਉਨ੍ਹਾਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਮੰਦਰ ਦੇ ਬਾਹਰ ਰਾਹੁਲ ਗਾਂਧੀ ਅਤੇ ਸੁਰੱਖਿਆ ਬਲਾਂ ਵਿਚਾਲੇ ਬਹਿਸ ਹੋਈ। ਇਸ ਤੋਂ ਬਾਅਦ ਯਾਤਰਾ ਦੇ ਸਾਰੇ ਆਗੂ ਹੜਤਾਲ ‘ਤੇ ਬੈਠ ਗਏ। ਸਾਰਿਆਂ ਨੂੰ ਅਯੁੱਧਿਆ ‘ਚ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਦੁਪਹਿਰ 3 ਵਜੇ ਮੰਦਰ ‘ਚ ਆਉਣ ਲਈ ਕਿਹਾ ਗਿਆ ਹੈ।

ਭਾਰਤ ਜੋੜੋ ਨਿਆਂ ਯਾਤਰਾ ਰਾਹੁਲ ਗਾਂਧੀ (Rahul Gandhi) ਦੀ ਅਗਵਾਈ ਵਿੱਚ ਕੱਢੀ ਜਾ ਰਹੀ ਹੈ ਅਤੇ ਆਸਾਮ ਦੇ ਨਾਗਾਓਂ ਜ਼ਿਲ੍ਹੇ ਵਿੱਚ ਪਹੁੰਚ ਗਈ ਹੈ। ਇੱਥੇ ਬਤਦਰਵਾ ਥਾਨ ਖੇਤਰ ਵਿੱਚ ਵੈਸ਼ਨਵ ਸੰਤ ਸ਼੍ਰੀਮੰਤ ਸੰਕਰਦੇਵ ਦਾ ਜਨਮ ਸਥਾਨ ਹੈ। ਰਾਹੁਲ ਗਾਂਧੀ ਨੇ ਪ੍ਰੋਗਰਾਮ ਮੁਤਾਬਕ ਅੱਜ ਸ਼ੰਕਰਦੇਵ ਮੰਦਰ ਜਾਣਾ ਸੀ ਪਰ ਹੁਣ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ‘ਅੱਜ ਉਨ੍ਹਾਂ ਨੂੰ ਮੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਮੰਦਰ ਜਾਣਾ ਚਾਹੁੰਦੇ ਹਾਂ। ਮੈਂ ਕਿਹੜਾ ਗੁਨਾਹ ਕੀਤਾ ਹੈ ਕਿ ਮੈਂ ਮੰਦਰ ਨਹੀਂ ਜਾ ਸਕਦਾ?’

ਮੰਦਰ ਦੀ ਪ੍ਰਬੰਧਕ ਕਮੇਟੀ ਨੇ ਐਤਵਾਰ ਨੂੰ ਹੀ ਰਾਹੁਲ ਗਾਂਧੀ ਨੂੰ ਸੋਮਵਾਰ ਦੁਪਹਿਰ 3 ਵਜੇ ਤੋਂ ਬਾਅਦ ਉਨ੍ਹਾਂ ਦੇ ਆਉਣ ਦੀ ਸੂਚਨਾ ਦਿੱਤੀ ਸੀ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋਗਿੰਦਰ ਦੇਵ ਮਹੰਤ ਨੇ ਦੱਸਿਆ ਕਿ ‘ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੇ ਮੌਕੇ ‘ਤੇ ਕਈ ਸੰਸਥਾਵਾਂ ਨੇ ਮੰਦਰ ਪਰਿਸਰ ‘ਚ ਭਗਤੀ ਪ੍ਰੋਗਰਾਮ ਕਰਨ ਦੀ ਯੋਜਨਾ ਬਣਾਈ ਹੈ। ਇਸ ਮੌਕੇ ਵੱਡੀ ਗਿਣਤੀ ‘ਚ ਲੋਕ ਮੰਦਰ ‘ਚ ਆਉਣਗੇ, ਇਸ ਲਈ ਰਾਹੁਲ ਗਾਂਧੀ ਨੂੰ ਦੁਪਹਿਰ 3 ਵਜੇ ਤੋਂ ਬਾਅਦ ਮੰਦਰ ‘ਚ ਆਉਣ ਲਈ ਕਿਹਾ ਗਿਆ ਹੈ।

ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ‘ਰਾਹੁਲ ਗਾਂਧੀ ਮੰਦਰ (ਬਟਦਰਵਾ ਮੰਦਰ) ਜਾਣਾ ਚਾਹੁੰਦੇ ਸਨ… ਅਸੀਂ 11 ਜਨਵਰੀ ਤੋਂ ਇਸ ਲਈ ਕੋਸ਼ਿਸ਼ ਕਰ ਰਹੇ ਸੀ। ਸਾਡੇ ਦੋ ਵਿਧਾਇਕ ਵੀ ਮੰਦਰ ਕਮੇਟੀ ਨੂੰ ਮਿਲੇ ਸਨ। ਅਸੀਂ ਉਨ੍ਹਾਂ ਨੂੰ ਕਿਹਾ ਸੀ ਕਿ ਅਸੀਂ 22 ਜਨਵਰੀ ਨੂੰ ਸਵੇਰੇ 7 ਵਜੇ ਆ ਜਾਵਾਂਗੇ, ਪਰ ਕੱਲ੍ਹ ਅਚਾਨਕ ਸਾਨੂੰ 3 ਵਜੇ ਤੋਂ ਬਾਅਦ ਆਉਣ ਲਈ ਕਿਹਾ ਗਿਆ।