Sarvjit Kaur Manuke

ਦੋ ਧਿਰਾਂ ਦੇ ਰੌਲੇ ‘ਚ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ: ਸਰਵਜੀਤ ਕੌਰ ਮਾਣੂੰਕੇ

ਜਗਰਾਉਂ, 09 ਜੂਨ 2023: ਸ਼ਹਿਰ ਜਗਰਾਉਂ ਦੇ ਹੀਰਾ ਬਾਗ ਵਿੱਚ ਮੈਂ ਇੱਕ ਕੋਠੀ ਥੋੜੀ ਦੇਰ ਪਹਿਲਾਂ ਹੀ ਕਿਰਾਏ ਉਪਰ ਲਈ ਹੈ ਅਤੇ ਕੁੱਝ ਸਿਆਸੀ ਵਿਰੋਧੀ ਮੇਰੇ ਉਪਰ ਕੋਠੀ ਦੱਬਣ ਦੇ ਝੂਠੇ ਦੋਸ਼ ਲਗਾ ਕੇ ਮੇਰੇ ਅਕਸ ਨੂੰ ਖ਼ਰਾਬ ਕਰਨ ਦੇ ਯਤਨ ਕਰ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ (Sarvjit Kaur Manuke) ਨੇ ਅਮਰਜੀਤ ਕੌਰ ਨਾਮ ਦੀ ਇੱਕ ਐਨ.ਆਰ.ਆਈ. ਔਰਤ ਵੱਲੋਂ ਉਸ ਦੀ ਕੋਠੀ ਦੱਬਣ ਦੇ ਲਗਾਏ ਜਾ ਰਹੇ ਝੂਠੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਇੱਕ ਪ੍ਰੈਸ ਬਿਆਨ ਰਾਹੀਂ ਕੀਤਾ।

ਉਹਨਾਂ ਆਖਿਆ ਕਿ ਮੈਂ ਆਪਣੇ ਪਰਿਵਾਰ ਸਮੇਤ 2016 ਤੋਂ ਜਗਰਾਉਂ ਵਿੱਚ ਪਹਿਲਾਂ ਲੁਧਿਆਣਾ ਜੀ.ਟੀ.ਰੋਡ ਉਪਰ ‘ਰਾਇਲ ਵਿਲ੍ਹਾ’ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਰਹੀ ਹਾਂ ਅਤੇ ਉਸ ਤੋਂ ਬਾਅਦ ਵਿੱਚ ਲੋਕਾਂ ਦੀ ਨੇੜੇ ਦੀ ਸਹੂਲਤ ਨੂੰ ਵੇਖਦੇ ਹੋਏ ਜਗਰਾਉਂ ਦੇ ਕੱਚਾ ਮਲਕ ਰੋਡ ਉਪਰ ਸਥਿਤ ਮੁਹੱਲਾ ਗੋਲਡਨ ਬਾਗ ਵਿੱਚ ਕਿਰਾਏ ਦੇ ਮਕਾਨ ਵਿੱਚ ਅਸੀਂ ਆਪਣੀ ਰਿਹਾਇਸ਼ ਕਰ ਲਈ ਸੀ, ਪਰੰਤੂ ਗੋਲਡਨ ਬਾਗ ਵਾਲੇ ਮਕਾਨ ਦੇ ਮਾਲਕਾਂ ਨੂੰ ਮਕਾਨ ਦੀ ਜ਼ਰੂਰਤ ਹੋਣ ਕਾਰਨ ਅਸੀਂ ਮੁਹੱਲਾ ਗੋਲਡਨ ਬਾਗ ਵਾਲਾ ਮਕਾਨ ਮਹੀਨਾਂ ਹੀ ਪਹਿਲਾਂ ਛੱਡ ਦਿੱਤਾ ਸੀ, ਜਿਸ ਵਿੱਚ ਅਸੀਂ ਲਗਭਗ ਸੱਤ ਸਾਲ ਕਿਰਾਏ ਉਪਰ ਰਹੇ ਹਾਂ।

ਜੇਕਰ ਕਬਜ਼ਾ ਕਰਨਾਂ ਹੁੰਦਾ ਅਤੇ ਸਾਡੀ ਮਾੜੀ ਨੀਅਤ ਹੁੰਦੀ ਤਾਂ ਪਹਿਲਾਂ ਵਾਲੇ ਕਿਰਾਏ ਦੇ ਮਕਾਨਾਂ ਉਪਰ ਕਿਉਂ ਨਾ ਕੀਤਾ, ਜਦੋਂ ਕਿ ਪਹਿਲੇ ਦੋਵਾਂ ਮਕਾਨਾਂ ਦੇ ਮਾਲਕ ਵੀ ਐਨ.ਆਰ.ਆਈ. ਹੀ ਸਨ। ਬੀਬੀ ਮਾਣੂੰਕੇ ਨੇ ਆਖਿਆ ਕਿ ਹੁਣ ਹੀਰਾ ਬਾਗ ਵਿੱਚ ਇੱਕ ਕੋਠੀ ਅਸੀਂ ਕਰਮ ਸਿੰਘ ਨਾਮ ਦੇ ਵਿਅਕਤੀ ਕੋਲੋਂ ਕਿਰਾਏ ਉਪਰ ਲਈ ਹੈ ਅਤੇ ਉਸ ਵਿੱਚ ਅਸੀਂ ਰਿਹਾਇਸ਼ ਲਿਆਂਦੀ ਨੂੰ ਕੇਵਲ ਇੱਕ ਮਹੀਨਾਂ ਹੀ ਹੋਇਆ ਹੈ ਅਤੇ ਅਮਰਜੀਤ ਕੌਰ ਨਾਮ ਦੀ ਇੱਕ ਔਰਤ ਨੇ ਵਿਰੋਧੀ ਸਿਆਸੀ ਆਗੂਆਂ ਦੀ ਸ਼ਹਿ ‘ਤੇ ਉਹਨਾਂ ਉਪਰ ਕੋਠੀ ਦੱਬਣ ਦੇ ਝੂਠੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ।

ਬੀਬੀ ਮਾਣੂੰਕੇ (Sarvjit Kaur Manuke) ਨੇ ਦੱਸਿਆ ਕਿ ਜਦੋਂ ਇਸ ਬਾਰੇ ਉਹਨਾਂ ਪਤਾ ਲੱਗਿਆ ਤਾਂ ਉਹਨਾਂ ਨੇ ਖੁਦ ਐਸ.ਐਸ.ਪੀ. ਜਗਰਾਉਂ ਨੂੰ ਸ਼ਿਕਾਇਤ ਕੀਤੀ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਉਹ ਜਿਸ ਕੋਠੀ ਵਿੱਚ ਹੁਣ ਕਿਰਾਏ ਉਪਰ ਰਹਿ ਰਹੇ ਹਨ, ਉਸ ਕੋਠੀ ਦੀ ਮਾਲਕੀ ਸ਼ੱਕ ਦੇ ਦਾਇਰੇ ਵਿੱਚ ਹੈ। ਇਸ ਲਈ ਦੋਵਾਂ ਧਿਰਾਂ ਦੀ ਮਾਲਕੀ ਦੀ ਜਾਂਚ-ਪੜਤਾਲ ਕੀਤੀ ਜਾਵੇ ਅਤੇ ਜਿਹੜਾ ਵੀ ਕੋਠੀ ਦਾ ਮਾਲਕ ਹੈ, ਉਹ ਉਸ ਨੂੰ ਕਿਰਾਇਆ ਦੇ ਦੇਣਗੇ ਅਤੇ ਕੋਠੀ ਦੀ ਚਾਬੀ ਵੀ ਸੌਂਪ ਦੇਣਗੇ।

ਪਰੰਤੂ ਜਿਹੜਾ ਵੀ ਦੋਸ਼ੀ ਸਾਬਿਤ ਹੋਵੇਗਾ, ਉਸ ਵਿਰੁੱਧ ਪੁਲਿਸ ਸਖਤ ਤੋਂ ਸਖਤ ਕਾਰਵਾਈ ਕਰੇ। ਪਰੰਤੂ ਅਮਰਜੀਤ ਕੌਰ ਨਾਮ ਦੀ ਔਰਤ ਵੱਲੋਂ ਲਗਾਏ ਜਾ ਰਹੇ ਦੋਸ਼ ਸਰਾਸਰ ਝੂਠੇ ਅਤੇ ਬੇਬੁਨਿਆਦ ਹਨ। ਬੀਬੀ ਮਾਣੂੰਕੇ ਨੇ ਆਖਿਆ ਕਿ ਉਹ ਕਿਸੇ ਵੀ ਜਾਂਚ ਲਈ ਤਿਆਰ ਹਨ ਅਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ। ਵਿਧਾਇਕਾ ਮਾਣੂੰਕੇ ਨੇ ਸਿਆਸੀ ਵਿਰੋਧੀਆਂ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਅਕਾਲੀ-ਕਾਂਗਰਸੀਆਂ ਦੇ ਹੱਥਾਂ ਵਿੱਚੋਂ ਹੁਣ ਕੁਰਸੀ ਖਿਸਕ ਗਈ ਹੈ ਅਤੇ ਉਹ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਕੋਈ ਨਾ ਕੋਈ ਮੌਕਾ ਲੱਭਦੇ ਰਹਿੰਦੇ ਹਨ, ਪਰੰਤੂ ਉਹਨਾਂ ਦੇ ਮਨਸੂਬੇ ਹੁਣ ਕਿਸੇ ਵੀ ਕੀਮਤ ਉਪਰ ਕਾਮਯਾਬ ਨਹੀਂ ਹੋਣਗੇ, ਕਿਉਂਕਿ ਚੰਦ ਉਪਰ ਚਿੱਕੜ ਸੁੱਟਣ ਨਾਲ ਕਦੇ ਹਨੇਰਾ ਨਹੀਂ ਹੁੰਦਾ ਅਤੇ ਸੂਰਜ ‘ਤੇ ਥੁੱਕਣ ਨਾਲ, ਸੂਰਜ ਕਦੇ ਗੰਦਾ ਨਹੀਂ ਹੁੰਦਾ। ਸਗੋਂ ਵਿਰੋਧੀਆਂ ਨੂੰ ਮੂੰਹ ਦੀ ਖਾਣੀ ਪਵੇਗੀ।

Scroll to Top