ਚੰਡੀਗੜ੍ਹ, 11 ਜਨਵਰੀ 2025: Los Angeles News: ਅਮਰੀਕਾ ‘ਚ ਕੈਲੀਫੋਰਨੀਆ ਦੇ ਇੱਕ ਵੱਡੇ ਸ਼ਹਿਰ ਲਾਸ ਏਂਜਲਸ ‘ਚ ਲੱਗੀ ਅੱਗ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ | ਲਾਸ ਏਂਜਲਸ ‘ਚ ਲੱਗੀ ਕਾਰਨ ਹੁਣ ਤੱਕ ਇਸ ਅੱਗ ‘ਚ ਹਜ਼ਾਰਾਂ ਏਕੜ ਜ਼ਮੀਨ ਅਤੇ ਕਈ ਘਰ ਸੜ ਸੁਆਹ ਹੋ ਚੁੱਕੇ ਹਨ
ਇਹ ਚਿੰਤਾ ਦਾ ਵਿਸ਼ਾ ਹੈ ਕਿ ਸਾਰੀਆਂ ਕੋਸ਼ਿਸ਼ਾਂ ਅਤੇ ਸਾਧਨਾਂ ਦੇ ਬਾਵਜੂਦ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਹੁਣ ਵਿਗਿਆਨੀਆਂ ਨੇ ਖੁਲਾਸਾ ਕੀਤਾ ਹੈ ਕਿ ਲਾਸ ਏਂਜਲਸ ‘ਚ ਅੱਗ ਇੰਨੀ ਜ਼ਿਆਦਾ ਕਿਉਂ ਫੈਲ ਗਈ ਅਤੇ ਕੀ ਕਾਰਨ ਸੀ ਕਿ ਇਸ ‘ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ। ਕੈਲੀਫੋਰਨੀਆ ਯੂਨੀਵਰਸਿਟੀ, ਸੈਨ ਡਿਏਗੋ ਦੇ ਹਾਈਡ੍ਰੋਲੋਜਿਸਟ ਮਿੰਗ ਪੈਨ ਨੇ ਕਿਹਾ ਕਿ ਦੱਖਣੀ ਕੈਲੀਫੋਰਨੀਆ ਬਹੁਤ ਖੁਸ਼ਕ ਹੈ, ਅਤੇ ਇਸੇ ਕਾਰਨ ਲਾਸ ਏਂਜਲਸ ਦੇ ਜੰਗਲਾਂ ‘ਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।
ਵਿਗਿਆਨੀਆਂ ਨੇ ਕਿਹਾ ਕਿ ਜਨਵਰੀ ਦੇ ਸ਼ੁਰੂ ‘ਚ ਦੱਖਣੀ ਕੈਲੀਫੋਰਨੀਆ ਦੇ ਜ਼ਿਆਦਾਤਰ ਹਿੱਸਿਆਂ ‘ਚ ਮਿੱਟੀ ਦੀ ਨਮੀ ਦਾ ਪੱਧਰ ਇਤਿਹਾਸਕ ਤੌਰ ‘ਤੇ ਘੱਟ 2 ਪ੍ਰਤੀਸ਼ਤ ਸੀ। ਕੈਲੀਫੋਰਨੀਆ ‘ਚ ਅਕਤੂਬਰ ਵਿੱਚ ਬਰਸਾਤ ਦਾ ਮੌਸਮ ਹੁੰਦਾ ਹੈ, ਪਰ ਇਸ ਵਾਰ ਬਹੁਤ ਘੱਟ ਮੀਂਹ ਪਿਆ। ਇਸ ਕਾਰਨ ਰਾਜ ਦੇ ਕੁਦਰਤੀ ਜਲ ਸਰੋਤ ਸੁੱਕ ਗਏ।
ਵਿਗਿਆਨੀਆਂ ਨੇ ਕਿਹਾ ਕਿ ਜਿਵੇਂ-ਜਿਵੇਂ ਹਵਾ ਗਰਮ ਅਤੇ ਖੁਸ਼ਕ ਹੁੰਦੀ ਗਈ, ਪਾਣੀ ਵੀ ਪੌਦਿਆਂ ਅਤੇ ਮਿੱਟੀ ਤੋਂ ਵਾਸ਼ਪੀਕਰਨ ਕਾਰਨ ਭਾਫ਼ ਬਣ ਗਿਆ। ਇਸ ਨਾਲ ਜੰਗਲ ਸੁੱਕ ਗਿਆ ਅਤੇ ਅੱਗ ਤੇਜ਼ੀ ਨਾਲ ਫੈਲ ਗਈ। ਹੁਣ ਅੱਗ ਲੱਗਣ ਤੋਂ ਬਾਅਦ ਸਥਿਤੀ ਹੋਰ ਵੀ ਬਦਤਰ ਹੋ ਜਾਵੇਗੀ। ਅਜਿਹੀ ਸਥਿਤੀ ‘ਚ ਵਿਗਿਆਨੀਆਂ ਨੇ ਆਉਣ ਵਾਲੇ ਦਿਨਾਂ ਬਾਰੇ ਵੀ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਕੈਲੀਫੋਰਨੀਆ ‘ਚ ਸੋਕੇ ਦੀ ਸੰਭਾਵਨਾ ਹੈ। ਹਾਲਾਂਕਿ, ਇੱਕ ਜਾਂ ਦੋ ਚੰਗੀਆਂ ਬਾਰਿਸ਼ਾਂ ਤੋਂ ਬਾਅਦ ਸਥਿਤੀ ਬਦਲ ਸਕਦੀ ਹੈ।
ਲਾਸ ਏਂਜਲਸ (Los Angeles) ਦੀ ਅੱਗ ਨੇ 10 ਜਨਵਰੀ ਤੱਕ ਹਜ਼ਾਰਾਂ ਘਰ ਅਤੇ ਹੋਰ ਢਾਂਚੇ ਤਬਾਹ ਕਰ ਦਿੱਤੇ , ਜਿਨ੍ਹਾਂ ‘ਚ ਕਈ ਸਕੂਲ ਵੀ ਸ਼ਾਮਲ ਸਨ ਅਤੇ ਘੱਟੋ-ਘੱਟ 10 ਲੋਕ ਮਾਰੇ ਗਏ ਸਨ। ਅੱਗ ਕਾਰਨ 180,000 ਤੋਂ ਵੱਧ ਜਣਿਆਂ ਨੂੰ ਬੇਘਰ ਹੋਣਾ ਪਿਆ ਹੈ। ਇਹ ਤੇਜ਼ ਸੁੱਕੀਆਂ ਹਵਾਵਾਂ ਅਕਸਰ 30 ਤੋਂ 40 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਵਗਦੀਆਂ ਹਨ। ਪਰ ਜਨਵਰੀ 2025 ਦੇ ਸ਼ੁਰੂ ‘ਚ ਹਵਾਵਾਂ 80 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ।
Read More: Tibet Earthquake: ਤਿੱਬਤ ‘ਚ ਭੂਚਾਲ ਨੇ ਲਈ 126 ਜਣਿਆਂ ਦੀ ਜਾਨ, ਹਜ਼ਾਰਾਂ ਘਰ ਨੁਕਸਾਨੇ