ਹੁਨਰ ਸਿੱਖਿਆ ਸਕੂਲ

40 ਸਕੂਲਾਂ ‘ਚ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਸਮਰੱਥ ਬਣਾਉਣ ਲਈ ‘ਹੁਨਰ ਸਿੱਖਿਆ ਸਕੂਲ’ ਪ੍ਰੋਗਰਾਮ ਲਾਗੂ: ਹਰਜੋਤ ਬੈਂਸ

ਚੰਡੀਗੜ੍ਹ, 20 ਦਸੰਬਰ 2025: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਸ਼ੁੱਕਰਵਾਰ ਨੂੰ ‘ਹੁਨਰ ਸਿੱਖਿਆ ਸਕੂਲ’ ਹੈਂਡਬੁੱਕ ਲਾਂਚ ਕੀਤੀ। ਉਨ੍ਹਾਂ ਨੇ ਅਕਾਦਮਿਕ ਸਾਲ 2025-26 ਲਈ 40 ਸਕੂਲਾਂ ‘ਚ ਸ਼ੁਰੂ ਕੀਤੇ “ਹੁਨਰ ਸਿੱਖਿਆ ਸਕੂਲ” ਪ੍ਰੋਗਰਾਮ, ਜਿਸਦਾ ਉਦੇਸ਼ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਵੇਂ ਯੁੱਗ ਦੀਆਂ ਲੋੜਾਂ ਮੁਤਾਬਕ ਅਤਿ-ਆਧੁਨਿਕ ਹੁਨਰਾਂ ਨਾਲ ਲੈੱਸ ਕਰਨਾ ਹੈ | ਇਸ ਲਈ ਉਦਯੋਗ-ਕੇਂਦ੍ਰਿਤ ਪਾਠਕ੍ਰਮ ਤਿਆਰ ਕਰਨ ‘ਚ ਸਹਿਯੋਗ ਦੇਣ ਵਾਲੇ ਅਧਿਆਪਕਾਂ, ਵਿਸ਼ਾ ਮਾਹਰਾਂ ਅਤੇ ਤਕਨੀਕੀ ਭਾਈਵਾਲਾਂ ਨੂੰ ਸਨਮਾਨਿਤ ਕੀਤਾ ਗਿਆ |

ਸਮਾਗਮ ਮੌਕੇ ਐਮ.ਸੀ. ਭਵਨ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 2.8 ਲੱਖ ਵਿਦਿਆਰਥੀਆਂ ਨੂੰ ਲੈ ਕੇ ਸਾਡੇ ਵੱਲੋਂ ਕੀਤੇ ਸਰਵੇਖਣ ਅਤੇ ਰਾਸ਼ਟਰੀ ਅੰਕੜਿਆਂ ਨੇ ਇੱਕ ਕੌੜੀ ਹਕੀਕਤ ਪੇਸ਼ ਕੀਤੀ ਹੈ ਕਿ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 45 ਫੀਸਦ ਤੋਂ ਵੱਧ ਵਿਦਿਆਰਥੀ ਨੌਕਰੀ ਲਈ ਤਿਆਰ ਨਹੀਂ ਹੁੰਦੇ, ਜਿਸ ਦਾ ਕਾਰਨ ਸਹੀ ਹੁਨਰ ਸਿਖਲਾਈ ਨਾ ਮਿਲਣਾ ਅਤੇ ਕਮਜ਼ੋਰ ਸਮਾਜਿਕ-ਆਰਥਿਕ ਪਿਛੋਕੜ ਹੈ। ਇਸ ਲਈ ਪੰਜਾਬ ਸਰਕਾਰ ਨੇ ਦੇਸ਼ ਭਰ ‘ਚ ਹੁਨਰ ਦੇ ਇਸ ਪਾੜੇ ਨੂੰ ਪੂਰਾ ਕਰਨ ਲਈ ਪਹਿਲ ਸ਼ੁਰੂ ਕੀਤੀ ਹੈ।

ਇਸ ਦੌਰਾਨ ਹਰਜੋਤ ਸਿੰਘ ਬੈਂਸ ਅਤੇ ਮਨੀਸ਼ ਸਿਸੋਦੀਆ ਨੇ ਅਧਿਆਪਕਾਂ, ਵਿਸ਼ਾ ਮਾਹਰਾਂ ਅਤੇ ਹੋਰ ਭਾਈਵਾਲਾਂ ਨਾਲ ਵਿਚਾਰ ਵਟਾਂਦਰਾ ਕਰਕੇ ਵੱਕਾਰੀ “ਹੁਨਰ ਸਿੱਖਿਆ ਸਕੂਲ” ਪ੍ਰੋਗਰਾਮ ਬਾਰੇ ਫੀਡਬੈਕ ਲਿਆ।

‘ਹੁਨਰ ਸਿੱਖਿਆ ਸਕੂਲ’ ਪਹਿਲਕਦਮੀ ਸੀਨੀਅਰ ਸੈਕੰਡਰੀ ਪਾਠਕ੍ਰਮ ‘ਚ ਤਿੰਨ-ਵਿਸ਼ਿਆਂ ‘ਤੇ ਅਧਾਰਤ ਮਾਡਲ ਹੈ। ਇਸਨੂੰ ਰਵਾਇਤੀ ਕਿੱਤਾਮੁਖੀ ਸਿਖਲਾਈ ਤੋਂ ਬਿਲਕੁਲ ਵੱਖਰਾ ਤਿਆਰ ਕੀਤਾ ਗਿਆ ਹੈ। ਇਸ ਸਿਖਲਾਈ ਪ੍ਰੋਗਰਾਮ ਤਹਿਤ ਵਿਦਿਆਰਥੀ ਆਲਮੀ ਅਤੇ ਸਨਅਤੀ ਆਗੂਆਂ ਦੁਆਰਾ ਤਿਆਰ ਅਤੇ ਪ੍ਰਮਾਣਿਤ ਪਾਠਕ੍ਰਮ ਨਾਲ 4 ਉੱਚ-ਮੰਗ ਵਾਲੇ ਖੇਤਰਾਂ ‘ਚੋਂ ਕਿਸੇ ਇੱਕ ‘ਚ ਮੁਹਾਰਤ ਹਾਸਲ ਕਰ ਸਕਦੇ ਹਨ, ਜਿਨ੍ਹਾਂ ‘ਚ ਮੈਕਸ ਹੈਲਥਕੇਅਰ ਇੰਸਟੀਚਿਊਟ ਦੁਆਰਾ ਤਿਆਰ ਕੀਤੇ ਹੈਲਥਕੇਅਰ ਸਾਇੰਸਿਜ਼ ਐਂਡ ਸਰਵਿਸਿਜ਼, ਆਈਆਈਟੀ ਦਿੱਲੀ ਦੁਆਰਾ ਵਿਕਸਤ ਡਿਜੀਟਲ ਡਿਜ਼ਾਈਨ ਐਂਡ ਡਿਵੈਲਪਮੈਂਟ, ਓਰੇਨ ਇੰਟਰਨੈਸ਼ਨਲ ਦੁਆਰਾ ਡਿਜ਼ਾਈਨਡ ਬਿਊਟੀ ਐਂਡ ਵੈਲਨੈੱਸ ਅਤੇ ਲੇਬਰਨੈੱਟ ਸਰਵਿਸਿਜ਼ ਇੰਡੀਆ ਲਿਮਟਿਡ ਦੁਆਰਾ ਤਿਆਰ ਬੈਂਕਿੰਗ, ਫਾਇਨੈਂਸ਼ੀਅਲ ਸਰਵਿਸਿਜ਼ ਐਂਡ ਇੰਸ਼ੋਰੈਂਸ (ਬੀ.ਐਫ.ਐਸ.ਆਈ) ਸ਼ਾਮਲ ਹਨ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਐਜੂਕੇਸ਼ਨ ਐਲਾਇੰਸ ਐਂਡ ਮਾਈਕਲ ਐਂਡ ਸੁਜ਼ਨ ਡੈੱਲ ਫਾਊਂਡੇਸ਼ਨ ਦੀ ਤਕਨੀਕੀ ਭਾਈਵਾਲ ਵਜੋਂ ਇਸ ਪਹਿਲ ਨੂੰ ਬੁਨਿਆਦੀ ਸਹਾਇਤਾ ਨਾਲ ਹੋਰ ਮਜ਼ਬੂਤੀ ਮਿਲੀ ਹੈ। ਇਹ ਪ੍ਰੋਗਰਾਮ ਪੇਸ਼ੇਵਰ ਹੁਨਰ ਵਿਸ਼ਿਆਂ ਨੂੰ ਲਾਜ਼ਮੀ ਬਣਾ ਕੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਂਦਾ ਹੈ। ਕੰਮ ਵਾਲੀ ਥਾਂ ਦੀ ਲੋੜ ਮੁਤਾਬਕ ਕੈਂਬਰਿਜ ਯੂਨੀਵਰਸਿਟੀ ਪ੍ਰੈਸ ਐਂਡ ਅਸੈਸਮੈਂਟ ਨੇ ‘ਫੰਕਸ਼ਨਲ ਇੰਗਲਿਸ਼ ਐਂਡ ਕਮਿਊਨੀਕੇਸ਼ਨ’ ਇੱਕ ਵਿਸ਼ੇਸ਼ ਪਾਠਕ੍ਰਮ ਤਿਆਰ ਕੀਤਾ ਹੈ। ਇਸ ਤੋਂ ਇਲਾਵਾ ਕਰੀਅਰ ਫਾਊਂਡੇਸ਼ਨ ਅਤੇ ਡਿਜ਼ੀਟਲ ਸਾਖਰਤਾ ਕੋਰਸ ਵਿਦਿਆਰਥੀਆਂ ਨੂੰ ਵਿੱਤੀ, ਕਾਨੂੰਨੀ ਅਤੇ ਤਕਨੀਕੀ ਸੂਝਬੂਝ ਨਾਲ ਲੈੱਸ ਕਰਨਗੇ।

ਬੈਂਸ ਨੇ ਕਿਹਾ ਕਿ ‘ਹੁਨਰ ਸਿੱਖਿਆ ਸਕੂਲ’ ਪ੍ਰੋਗਰਾਮ ਵਿਦਿਆਰਥੀਆਂ ਨੂੰ ਏ.ਆਈ., ਡਿਜ਼ੀਟਲ ਡਿਜ਼ਾਈਨ ਅਤੇ ਭਵਿੱਖ-ਕੇਂਦ੍ਰਿਤ ਕਾਰਜਖੇਤਰਾਂ ‘ਚ ਹੁਨਰਾਂ ਨਾਲ ਲੈਸ ਕਰੇਗਾ, ਜਿਸ ਨਾਲ ਉਹ ਪਹਿਲੇ ਦਿਨ ਤੋਂ ਹੀ ਨੌਕਰੀ ਲਈ ਤਿਆਰ ਹੋਣਗੇ।

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ 10ਵੀਂ ਜਮਾਤ ਤੋਂ ਬਾਅਦ ਆਈ.ਟੀ. ਅਤੇ ਹੋਰ ਖੇਤਰਾਂ ‘ਚ ਮੌਕਿਆਂ ਦੀ ਪੜਚੋਲ ਕਰਨ ਦੇ ਯੋਗ ਬਣਾਉਣਾ ਜ਼ਰੂਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਹੁਨਰ ਸਿੱਖਿਆ ਸਕੂਲ’ ਰਾਹੀਂ ਇੱਕ ਅਜਿਹਾ ਮਾਹੌਲ ਸਿਰਜ ਰਹੀ ਹੈ ਜੋ ਸਕੂਲ ਪੱਧਰ ‘ਤੇ ਹੁਨਰ ਨੂੰ ਤਰਾਸ਼ ਕੇ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਸਮਰੱਥ ਬਣਾਏਗੀ।

Read More: CM ਭਗਵੰਤ ਮਾਨ ਵੱਲੋਂ ਆਪਣੇ ਜੱਦੀ ਪਿੰਡ ਸਤੌਜ ਦਾ ਦੌਰਾ, ਮਨਰੇਗਾ ‘ਚ ਬਦਲਾਅ ਦੀ ਆਲੋਚਨਾ

ਵਿਦੇਸ਼

Scroll to Top