ਚੰਡੀਗੜ੍ਹ, 22 ਮਾਰਚ 2025: ਬੰਗਲੁਰੂ ‘ਚ ਸੰਘ ਦੀ ਅਖਿਲ ਭਾਰਤੀ ਪ੍ਰਤੀਨਿਧੀ ਸਭਾ (RSS) ਦੀ ਬੈਠਕ ‘ਚ ਬੰਗਲਾਦੇਸ਼ ਦਾ ਮੁੱਦਾ ਚੁੱਕਿਆ ਗਿਆ ਅਤੇ ਉੱਥੇ ਘੱਟ ਗਿਣਤੀਆਂ, ਖਾਸ ਕਰਕੇ ਹਿੰਦੂਆਂ ਵਿਰੁੱਧ ਹੋ ਰਹੀ ਹਿੰਸਾ ‘ਤੇ ਚਿੰਤਾ ਪ੍ਰਗਟ ਕੀਤੀ ਗਈ। ਸਹਿ-ਸਕੱਤਰ ਅਰੁਣ ਕੁਮਾਰ ਦਾ ਕਹਿਣਾ ਹੈ ਕਿ ਬੰਗਲਾਦੇਸ਼ ‘ਚ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ‘ਚ ਘੱਟ ਗਿਣਤੀਆਂ ਵਿਰੁੱਧ ਹਿੰਸਾ ਦਾ ਕਾਰਨ ਸਿਰਫ਼ ਰਾਜਨੀਤਿਕ ਹੀ ਨਹੀਂ ਸਗੋਂ ਧਾਰਮਿਕ ਵੀ ਹੈ।
ਅਰੁਣ ਕੁਮਾਰ ਨੇ ਬਿਆਨ ‘ਚ ਕਿਹਾ ਕਿ ਅਸੀਂ ਬੰਗਲਾਦੇਸ਼ ਦੇ ਹਿੰਦੂ ਭਾਈਚਾਰੇ ਨਾਲ ਏਕਤਾ ਪ੍ਰਗਟ ਕਰਦੇ ਹਾਂ। ਅਸੀਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ‘ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਬੰਗਲਾਦੇਸ਼ ‘ਚ ਘੱਟ ਗਿਣਤੀਆਂ ਨਾਲ ਏਕਤਾ ਪ੍ਰਗਟ ਕੀਤੀ ਹੈ। ਸਾਨੂੰ ਇਹ ਨਹੀਂ ਮੰਨਣਾ ਚਾਹੀਦਾ ਕਿ ਇਸ ਹਿੰਸਾ ਦਾ ਕਾਰਨ ਸਿਰਫ਼ ਸੱਤਾ ‘ਚ ਤਬਦੀਲੀ ਕਾਰਨ ਰਾਜਨੀਤਿਕ ਹੈ, ਸਗੋਂ ਇਸਦੇ ਧਾਰਮਿਕ ਕਾਰਨ ਵੀ ਹਨ। ਘੱਟ ਗਿਣਤੀਆਂ ਅਤੇ ਹਿੰਦੂਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਸੰਘ (RSS) ਦੇ ਆਗੂ ਅਰੁਣ ਕੁਮਾਰ ਨੇ ਕਿਹਾ ਕਿ ‘ਧਾਰਮਿਕ ਘੱਟ ਗਿਣਤੀਆਂ ਵਿਰੁੱਧ ਹਿੰਸਾ ਕੋਈ ਨਵੀਂ ਗੱਲ ਨਹੀਂ ਹੈ।’ ਸਾਲ 1951 ‘ਚ ਬੰਗਲਾਦੇਸ਼ ‘ਚ ਹਿੰਦੂ ਆਬਾਦੀ 22 ਪ੍ਰਤੀਸ਼ਤ ਸੀ, ਜੋ ਹੁਣ ਘੱਟ ਕੇ 7.95 ਪ੍ਰਤੀਸ਼ਤ ਰਹਿ ਗਈ ਹੈ। ਇਹ ਇੱਕ ਵੱਡੀ ਗਿਰਾਵਟ ਹੈ। ਇਸ ਵਾਰ ਹੋ ਰਹੀ ਹਿੰਸਾ ਨੂੰ ਸਰਕਾਰ ਅਤੇ ਸਰਕਾਰੀ ਸੰਸਥਾਵਾਂ ਦਾ ਵੀ ਸਮਰਥਨ ਪ੍ਰਾਪਤ ਜਾਪਦਾ ਹੈ।
ਉੱਥੇ ਭਾਰਤ ਵਿਰੋਧੀ ਭਾਵਨਾ ਵੱਧ ਰਹੀ ਹੈ। ਸਾਡੇ ਪ੍ਰਸਤਾਵ ਵਿੱਚ ਅਸੀਂ ਅੰਤਰਰਾਸ਼ਟਰੀ ਸ਼ਕਤੀਆਂ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਹੈ। ਭਾਰਤ ਅਤੇ ਇਸਦੇ ਗੁਆਂਢੀ ਦੇਸ਼ ਸਿਰਫ਼ ਦੇਸ਼ਾਂ ਦਾ ਸਮੂਹ ਨਹੀਂ ਹਨ, ਸਗੋਂ ਉਨ੍ਹਾਂ ਦਾ ਇੱਕ ਸਾਂਝਾ ਇਤਿਹਾਸ ਹੈ। ਸਾਡੇ ‘ਚ ਬਹੁਤ ਕੁਝ ਸਾਂਝਾ ਹੈ। ਕਈ ਵਿਸ਼ਵ ਸ਼ਕਤੀਆਂ ਭਾਰਤ ਅਤੇ ਇਸਦੇ ਗੁਆਂਢੀ ਦੇਸ਼ਾਂ ਵਿਚਕਾਰ ਅਵਿਸ਼ਵਾਸ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
Read More: RSS ਦੀਆਂ ਗਤੀਵਿਧੀਆਂ ‘ਚ ਹਿੱਸਾ ਲੈ ਸਕਣਗੇ ਸਰਕਾਰੀ ਕਰਮਚਾਰੀਆਂ, ਕੇਂਦਰ ਨੇ 58 ਸਾਲ ਬਾਅਦ ਪਾਬੰਦੀ ਹਟਾਈ