ਚੰਡੀਗੜ੍ਹ, 26 ਨਵੰਬਰ 2024: ਪੰਜਾਬ ਦੇ ਐਸ.ਬੀ.ਐਸ.ਨਗਰ ਜ਼ਿਲ੍ਹੇ ਤੋਂ ਕੁਝ ਦਿਨ ਪਹਿਲਾਂ ਡਾਇਮੋਨੀਅਮ ਫਾਸਫੇਟ ਖਾਦ (DAP fertilizer) ਦੀਆਂ 23 ਬੋਰੀਆਂ ਜ਼ਬਤ ਕੀਤੀ ਗਈਆਂ ਸਨ | ਜਿਨ੍ਹਾਂ ‘ਚ ਹਰੇਕ ਬੋਰੀ ਦਾ ਵਜਨ 50 ਕਿੱਲੋ ਸੀ | ਜ਼ਬਤ ਕੀਤੀਆਂ ਬੋਰੀਆਂ ਦੀ ਖਾਦ ਦੀ ਲੈਬਾਟਰੀ ਜਾਂਚ ਕਰਨ ਤੋਂ ਸਾਹਮਣੇ ਆਇਆ ਹੈ ਕਿ ਇਨ੍ਹਾਂ ‘ਚ ਨਾਈਟ੍ਰੋਜਨ ਅਤੇ ਫਾਸਫੋਰਸ ਕਾਫ਼ੀ ਕਮੀ ਹੈ |
ਇਸ ਸੰਬੰਧੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਕਿ ਡਾਇਮੋਨੀਅਮ ਫਾਸਫੇਟ ਖਾਦ ‘ਚ ਆਮ ਤੌਰ ‘ਤੇ 18 ਫੀਸਦ ਨਾਈਟ੍ਰੋਜਨ, 46 ਫੀਸਦ ਫਾਸਫੋਰਸ ਅਤੇ 39.5 ਫੀਸਦ ਪਾਣੀ ‘ਚ ਘੁਲ ਜਾਣ ਵਾਲੀ ਫਾਸਫੋਰਸ ਹੁੰਦੀ ਹੈ। ਖੁੱਡੀਆਂ ਨੇ ਦੱਸਿਆ ਕਿ ਟੈਸਟ ਰਿਪੋਰਟਾਂ ਤੋਂ ਖਾਦ ‘ਚ ਸਿਰਫ਼ 2.80 ਫੀਸਦੀ ਨਾਈਟ੍ਰੋਜਨ, 16.23 ਫੀਸਦੀ ਫਾਸਫੋਰਸ ਅਤੇ 14.10 ਫੀਸਦੀ ਪਾਣੀ ‘ਚ ਘੁਲਣਸ਼ੀਲ ਫਾਸਫੋਰਸ ਦੀ ਮਾਤਰਾ ਦਾ ਪਤਾ ਲੱਗਿਆ ਹੈ।
ਜਿਕਰਯੋਗ ਹੈ ਕਿ ਜ਼ਿਲ੍ਹੇ ਦੇ ਕਿਸਾਨਾਂ ਨੇ ਡੀ.ਏ.ਪੀ. (DAP fertilizer) ਮਹਿੰਗੇ ਭਾਅ ‘ਤੇ ਖਾਦ ਵਿਕਣ ਦੀ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਖੇਤੀਬਾੜੀ ਵਿਭਾਗ ਦੀ ਟੀਮ ਨੇ ਪੁਲਿਸ ਨੂੰ ਨਾਲ ਲੈ ਕੇ ਪਿੰਡ ਉੜਾਪੜ ‘ਚ ਮੈਸਰਜ਼ ਸਿੰਘ ਟਰੇਡਰਜ਼ ਦੇ ਮਾਲਕ ਹਰਕੀਰਤ ਸਿੰਘ ਦੇ ਘਰ ਛਾਪੇਮਾਰੀ ਕੀਤੀ ਅਤੇ ਛਾਪੇਮਾਰੀ ਦੌਰਾਨ ਨਜਾਇਜ਼ ਤੌਰ ’ਤੇ ਸਟੋਰ ਕੀਤੇ ਡੀ.ਏ.ਪੀ. 23 ਬੋਰੀਆਂ ਬਰਾਮਦ ਕੀਤੀਆਂ ਸਨ ।
ਮੁਲਜ਼ਮ ਖ਼ਿਲਾਫ਼ ਜ਼ਰੂਰੀ ਵਸਤਾਂ ਐਕਟ, 1955 ਦੀ ਧਾਰਾ 3(2) ਸੀ, ਡੀ ਅਤੇ ਖਾਦ (ਕੰਟਰੋਲ) ਆਰਡਰ, 1985 ਦੀ ਧਾਰਾ 5, 7 ਅਤੇ 3(3) ਤਹਿਤ 14 ਨਵੰਬਰ ਨੂੰ ਥਾਣਾ ਔੜ ਵਿਖੇ FIR ਦਰਜ ਕੀਤੀ ਸੀ | ਜਾਂਚ ਰਿਪੋਰਟ ‘ਚ ਪਾਇਆ ਗਿਆ ਕਿ ਬਰਾਮਦ ਕੀਤੀ ਖਾਦ ਦਾ ਸਟਾਕ ਘਟੀਆ ਗੁਣਵੱਤਾ ਦਾ ਸੀ।