July 4, 2024 9:08 pm
Huda City Center

ਹੁੱਡਾ ਸਿਟੀ ਸੈਂਟਰ ਮੈਟਰੋ ਸਟੇਸ਼ਨ ਦਾ ਨਾਂ ਬਦਲ ਕੇ ਗੁਰੂਗ੍ਰਾਮ ਸਿਟੀ ਸੈਂਟਰ ਰੱਖਿਆ

ਚੰਡੀਗੜ੍ਹ 03 ਜੁਲਾਈ 2023: ਮੈਟਰੋ ਦੀ ਯੈਲੋ ਲਾਈਨ ‘ਤੇ ਹੁੱਡਾ ਸਿਟੀ ਸੈਂਟਰ ਮੈਟਰੋ ਸਟੇਸ਼ਨ (HUDA City Centre Metro Station) ਦਾ ਨਾਂ ਬਦਲ ਕੇ ਗੁਰੂਗ੍ਰਾਮ ਸਿਟੀ ਸੈਂਟਰ (Gurugram City Centre) ਰੱਖਿਆ ਗਿਆ ਹੈ | ਇਸ ਸਬੰਧੀ ਸਾਰੇ ਸਰਕਾਰੀ ਦਸਤਾਵੇਜ਼ਾਂ, ਸੰਕੇਤਾਂ, ਘੋਸ਼ਣਾ ਪੱਤਰਾਂ ਆਦਿ ਵਿੱਚ ਨਾਂ ਬਦਲਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟੇਡ (DMRC) ਨੇ ਸੋਮਵਾਰ ਨੂੰ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ।

Metro

ਜਿਕਰਯੋਗ ਹੈ ਕਿ ਪੁਰਾਣੇ ਗੁਰੂਗ੍ਰਾਮ, ਜੋ ਕਿ ਸਾਲਾਂ ਤੋਂ ਜਾਮ ਅਤੇ ਖਰਾਬ ਟ੍ਰੈਫਿਕ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਉਸਨੂੰ ਵੱਡੀ ਰਾਹਤ ਦਿੰਦੇ ਹੋਏ ਕੇਂਦਰੀ ਮੰਤਰੀ ਮੰਡਲ ਨੇ ਹੁੱਡਾ ਸਿਟੀ ਨੂੰ ਜੋੜਨ ਲਈ 5,452 ਕਰੋੜ ਰੁਪਏ ਦੀ ਲਾਗਤ ਨਾਲ 28.50 ਕਿਲੋਮੀਟਰ ਮੈਟਰੋ ਪ੍ਰੋਜੈਕਟ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਸੀ ।

ਇਸ ਕਦਮ ਨਾਲ ਨਾ ਸਿਰਫ਼ ਨਵੇਂ ਅਤੇ ਪੁਰਾਣੇ ਗੁਰੂਗ੍ਰਾਮ ਵਿੱਚ ਜਨਤਕ ਆਵਾਜਾਈ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਮਿਲੇਗੀ, ਸਗੋਂ ਪੂਰੇ ਰਾਸ਼ਟਰੀ ਰਾਜਧਾਨੀ ਖੇਤਰ ਨੂੰ ਵੀ ਫਾਇਦਾ ਹੋਵੇਗਾ ਕਿਉਂਕਿ ਇੱਥੇ ਬਹੁਤ ਸਾਰੇ ਨੇੜਲੇ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਗੁਰੂਗ੍ਰਾਮ ਆਉਂਦੇ ਹਨ ਅਤੇ ਇਹ ਹਰ ਸਾਲ ਵਧਦਾ ਜਾ ਰਿਹਾ ਹੈ।

ਇਸ ਪ੍ਰਾਜੈਕਟ ਨੂੰ ਹਰਿਆਣਾ ਮਾਸ ਰੈਪਿਡ ਟਰਾਂਸਪੋਰਟ ਕਾਰਪੋਰੇਸ਼ਨ ਲਿਮਟਿਡ ਦੁਆਰਾ ਚਲਾਇਆ ਜਾਵੇਗਾ, ਜਿਸ ਨੂੰ ਕੇਂਦਰ ਅਤੇ ਹਰਿਆਣਾ ਸਰਕਾਰ ਵਿਚਕਾਰ 50-50 ਦੀ ਭਾਈਵਾਲੀ ਨਾਲ ਵਿਸ਼ੇਸ਼ ਉਦੇਸ਼ ਵਾਹਨ ਵਜੋਂ ਸਥਾਪਿਤ ਕੀਤਾ ਜਾਵੇਗਾ। ਇਸ ਨਵੀਂ ਲਾਈਨ ਨਾਲ ਦਵਾਰਕਾ ਐਕਸਪ੍ਰੈਸ ਵੇ (ਬਸਾਈ ਪਿੰਡ ਤੋਂ) ਤੱਕ ਇੱਕ ਬ੍ਰਾਂਚ ਲਾਈਨ (ਸਪੁਰ ਲਾਈਨ) ਵੀ ਜੁੜ ਜਾਵੇਗੀ।

ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਅਨੁਸਾਰ, ਨਵੀਂ ਲਾਈਨ ਵਿੱਚ ਕੁੱਲ 27 ਸਟੇਸ਼ਨ ਹੋਣਗੇ। ਇਸ ਲਾਈਨ ‘ਤੇ ਮੈਟਰੋ ਟਰੇਨ ਦੀ ਅਧਿਕਤਮ ਸਪੀਡ 80 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ, ਜਦਕਿ ਔਸਤ ਰਫਤਾਰ 34 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਪੂਰਾ ਪ੍ਰੋਜੈਕਟ ਐਲੀਵੇਟਿਡ ਟ੍ਰੈਕ ‘ਤੇ ਹੋਵੇਗਾ ਅਤੇ ਚਾਰ ਸਾਲਾਂ ਵਿੱਚ ਪੂਰਾ ਹੋਵੇਗਾ।